By , Published on September 2nd, 2022 in News

ਇਹ ਤਸਵੀਰਾਂ ਪੰਜਾਬ ਦੇ ਕਿਸੇ ਰੇਲਵੇ ਸਟੇਸ਼ਨ, ਬੱਸ ਅੱਡੇ ਜਾਂ ਹਵਾਈ ਅੱਡੇ ਦੀਆਂ ਨਹੀਂ, ਬਲਕਿ ਦਿੱਲੀ ਹਵਾਈ ਅੱਡਾ ਹੈ ਜਿੱਥੋਂ ਕੈਨੇਡਾ ਤੇ ਹੋਰਨਾਂ ਕਈ ਮੁਲਕਾਂ ਲਈ 50 ਪ੍ਰਤੀਸ਼ਤ ਤੋਂ ਵੱਧ ਅੰਤਰਰਾਸ਼ਟਰੀ ਯਾਤਰੀ ਪੰਜਾਬ ਤੋਂ ਹੁੰਦੇ ਹਨ।

ਸ਼ੁੱਕਰਵਾਰ ਵਾਲੇ ਦਿਨ ਜਰਮਨੀ ਵਿਖੇ ਲੁਫਥਾਸਾਂ ਦੇ ਪਾਇਲਟ ਦੀ ਹੜਤਾਲ਼ ਕਾਰਨ ਉਹਨਾਂ ਦੀਆਂ ਦੁਨੀਆਂ ਭਰ ਲਈ ਉਡਾਣਾਂ ਰੱਦ ਹੋਈਆਂ। ਲੁਫਥਾਂਸਾ ਨੇ ਸ਼ੁੱਕਰਵਾਰ ਲਈ ਫਰੈਂਕਫਰਟ ਅਤੇ ਮਿਊਨਿਖ ਸਥਿਤ ਆਪਣੇ ਹੱਬ ‘ਤੇ ਲਗਭਗ 800 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਅੰਦਾਜ਼ਨ 130,000 ਯਾਤਰੀ ਪ੍ਰਭਾਵਿਤ ਹੋਣਗੇ।

ਇਸ ਉਪਰੰਤ ਦਿੱਲੀ ਤੋਂ ਉਹਨਾਂ ਦੀ ਫਰੈਂਕਫਰਟ ਅਤੇ ਮਿਉਨਿਕ ਜਰਮਨੀ ਲਈ ਉਡਾਣ ਰੱਦ ਹੋਣ ਤੋਂ ਬਾਦ ਦਾ ਦਿੱਲੀ ਹਵਾਈ ਅੱਡੇ ਦਾ ਮਾਹੌਲ ਇਹਨਾਂ ਤਸਵੀਰਾਂ ਰਾਹੀ ਦੇਖਿਆ ਜਾ ਸਕਦਾ ਹੈ। ਤਕਰੀਬਨ 700 ਯਾਤਰੀ ਇਹਨਾਂ ਉਡਾਣਾਂ ਤੇ ਜਾ ਰਹੇ ਸਨ। ਇਹਨਾਂ ਯਾਤਰੀਆਂ ਵਿੱਚ ਬਹੁਤਾਤ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਸਾਫ ਦੇਖੀ ਜਾ ਸਕਦੀ ਹੈ ਤੇ ਨਾਲ ਉਹਨਾਂ ਦੇ ਆਏ ਹੋਏ ਰਿਸ਼ਤੇਦਾਰ।

ਕੈਨੇਡਾ ਲਈ ਅਗਸਤ ਅਤੇ ਸਤੰਬਰ ਮਹੀਨੇ ਦੀਆਂ ਟਿਕਟਾਂ ਨਹੀਂ ਮਿਲ ਰਹੀਆਂ ਕਿਉਂਕਿ ਕਾਲਜਾਂ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਜਿੰਨਾਂ ਟਿਕਟਾਂ ਲਈਆਂ ਹਨ, ਉਹਨਾਂ ਨੇ ਇਕ ਪਾਸੇ ਜਾਣ ਦੀ ਟਿਕਟ ਤੇ 2 ਤੋਂ 3 ਲੱਖ ਖ਼ਰਚੇ ਹਨ। ਸਿੱਧੀਆਂ ਉਡਾਣਾਂ ਦੀ ਇਕ ਪਾਸੇ ਦੀ 3 ਲੱਖ ਦੀ ਟਿਕਟ ਬਿਜਨਸ ਕਲਾਸ ਦੀ ਆਓਣ ਜਾਣ ਦੇ ਕਿਰਾਏ ਦੀ ਟਿਕਟ ਨੂੰ ਮਾਤ ਦੇ ਗਈ ਹੈ। ਕੋਵਿਡ ਦੋਰਾਨ ਜਿੰਨਾਂ ਨੂੰ ਲੱਗ ਰਿਹਾ ਸੀ ਕਿ ਟਿਕਟਾਂ ਇਹਨੀਆਂ ਮਹਿੰਗੀਆਂ ਹਨ ਕਿ ਸਾਨੂੰ 3500 ਡਾਲਰ ਵਾਪਸ ਕੈਨੇਡਾ ਪ੍ਰਸ਼ਨ ਲਈ ਖ਼ਰਚਦੇ ਪਏ, ਹੁਣ ਤੇ ਉਹਨਾਂ ਨੂੰ ਵੀ ਲੱਗ ਰਿਹਾ ਹੋਣਾ ਕਿ ਅਸੀਂ ਤੇ ਸਸਤੇ ਕਿਰਾਏ ਵਿੱਚ ਆ ਗਏ।

ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਜੱਦ ਕਿਸੇ ਵੱਡੀ ਏਅਰਲਾਈਨ ਜਿਵੇਂ ਏਅਰ ਕੈਨੇਡਾ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਸਾਨੂੰ ਪੁੱਛਦੇ ਕਿ ਪੰਜਾਬ ਤੋਂ ਬਿਜਨਸ ਕਲਾਸ ਸਵਾਰੀ ਕਿੰਨੀ ਮਿਲੇਗੀ, ਕਈ ਏਵੀਏਸ਼ਨ ਦੇ ਮਾਹਰ ਲਿਖੀ ਜਾਂਦੇ ਕਿ ਸਿਜਨਲ ਟ੍ਰੈਫ਼ਿਕ ਹੈ, ਕਈ ਕਹਿੰਦੇ ਮੁਨਾਫ਼ਾ ਘੱਟ ਹੁੰਦਾ। ਏਅਰ ਕੈਨੇਡਾ ਦੇ ਅਧਿਕਾਰੀਆਂ ਨੂੰ ਅਸੀਂ ਕਿਹਾ ਕਿ ਸੀਜਨਲ ਸ਼ੁਰੂ ਕਰ ਦਵੋ ਪਰ ਇਹ ਨਹੀਂ ਮੰਨੇ। ਮੰਨਣ ਵੀ ਕਿਓਂ, ਇਹਨਾਂ ਸਭਨਾਂ ਨੂੰ ਕੀ ਲੋੜ ਹੈ। ਇਹਨਾਂ ਨੂੰ ਪਤਾ ਕਿ ਇਹਨਾਂ ਸਭਨਾਂ ਨੂੰ ਮਜਬੂਰੀ ਵੱਸ ਵੀ ਦਿੱਲੀ ਤੋਂ ਹੀ ਜਾਣਾ ਪੈਣਾ।

ਜੇਕਰ ਅਸੀਂ ਘੱਟੋ ਘੱਟ ਦੋ ਦੋ ਲੱਖ ਵੀ ਇਕ ਟਿਕਟ ਦਾ ਲਾਈਏ, ਤਾਂ ਸਿਰਫ 300 ਯਾਤਰੀਆਂ ਦੀ ਇਕ ਪਾਸੇ ਦੀ ਉਡਾਣ ਦੇ 6 ਕਰੋੜ ਰੁਪਏ ਬਣਦੇ ਹਨ। ਇਹਨਾਂ 2 ਉਡਾਣਾਂ ਲਈ ਹੀ ਪੰਜਾਬੀਆਂ ਨੇ ਤਕਰੀਬਨ 10 ਤੋਂ 12 ਕਰੋੜ ਰੁਪਈਆ ਖ਼ਰਚਿਆਂ ਹੋਵੇਗਾ।

ਪੰਜਾਬ ਦਾ ਨੋਜਵਾਨ ਹੁਣ 12 ਜਮਾਤਾਂ ਕਰਕੇ ਹੀ ਕੈਨੇਡਾ ਨੂੰ ਜਾਣ ਲਈ ਇਹਨਾਂ ਉਤਸੁਕ ਹੈ ਕਿ 3 ਲੱਖ ਤੋਂ ਵੱਧ ਦੀਆਂ ਟਿਕਟਾਂ ਵੀ ਇਹਨਾਂ ਨੂੰ ਨਹੀਂ ਰੋਕ ਸਕਦੀਆਂ। ਵਿਦਿਆਰਥੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਨਾਲ ਤੇ ਇੰਜ ਜਾਪਦਾ ਜਿਵੇਂ ਸਕੂਲਾਂ ਦੇ ਵਿਦਿਆਰਥੀ ਹੀ ਰਹਿ ਜਾਣ ਬਾਕੀ ਕਾਲਜਾਂ ਅਤੇ ਯੂਨੀਵਰਸਿਟੀ ਵਾਲੇ ਸਭ ਕੈਨੇਡਾ, ਆਸਟਰੇਲੀਆ ਲਈ ਪ੍ਰਵਾਸ ਕਰ ਰਹੇ। ਭਵਿੱਖ ਵਿੱਚ ਕਿਸ ਤਰਾਂ ਦਾ ਮਾਹੌਲ ਬਣਦਾ ਹੈ ਇਹ ਸਮਾਂ ਹੀ ਦੱਸੇਗਾ।

ਭਾਰਤ ਸਰਕਾਰ ਵਿਦੇਸ਼ ਦੇ ਮੁਲਕਾਂ ਦੀਆਂ ਏਅਰਲਾਈਨ ਨੂੰ ਹਵਾਈ ਸਮਝੋਤਿਆਂ ਵਿੱਚ ਇਜਾਜ਼ਤ ਨਹੀਂ ਦੇ ਰਹੀ। ਜਿਵੇਂ ਕਿ ਯੂਏਈ, ਕੂਵੇਤ, ਓਮਾਨ, ਇਟਲੀ, ਜਰਮਨੀ ਆਦਿ। ਇਸ ਕਾਰਨ ਉਹ ਉਡਾਣਾਂ ਸ਼ੁਰੂ ਨਹੀਂ ਕਰ ਸਕਦੇ। ਇਸ ਕਾਰਨ ਵੀ ਪੰਜਾਬੀਆਂ ਨੂੰ ਦਿੱਲੀ ਜਾਣ ਲਈ ਮਜਬੂਰ ਹੋਣਾ ਪੈਂਦਾ।

ਫਲਾਈ ਅੰਮ੍ਰਿਤਸਰ ਵੱਲੋਂ ਨਵੀਂਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤ ਦੀ ਕਿਸੇ ਏਅਰਲਾਈਨ ਤੋਂ ਕੈਨੇਡਾ ਲਈ ਉਡਾਣਾਂ ਦੀ ਜੇ ਉਮੀਦ ਹੈ ਤੇ ਉਹ ਏਅਰ ਇੰਡੀਆ ਹੈ। ਨਾਲ ਹੀ ਜੇ ਕਤਰ ਏਅਰਵੇਜ਼ ਵਾਂਗ ਇਕ ਸਟਾਪ ਵਾਲੀਆਂ ਉਡਾਣਾਂ ਲੱਗ ਜਾਣ ਤਾਂ ਵੀ ਕੁੱਝ ਰਾਹਤ ਮਿਲੇਗੀ ਤਾਂ ਜੋ ਦਿੱਲੀ ਨਾ ਜਾਣਾ ਪਵੇ। ਅੰਮ੍ਰਿਤਸਰ ਤੋਂ ਜਾਂ ਅੰਮ੍ਰਿਤਸਰ ਲਈ ਉਡਾਣਾਂ ਨੂੰ ਪਹਿਲ ਜ਼ਰੂਰ ਦਵੋ। ਆਪ ਸਭਨਾਂ ਨੇ ਸਾਥ ਦਿੱਤਾ ਹੈ, ਅਗਾਂਹ ਵੀ ਸਾਥ ਦੀ ਆਸ ਤੇ ਜ਼ਰੂਰਤ ਹੈ।

Share post on:

Leave a Reply

This site uses Akismet to reduce spam. Learn how your comment data is processed.