By , Published on March 2nd, 2023 in News

ਮਾਰਚ 2, 2023: ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਹਨਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਹਨਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਤੱਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਂਹੀ ਜੋੜਨ ਜਾ ਰਹੀ ਹੈ। ਇਸ ਸੰਬੰਧੀ ਅਮਰੀਕਾ ਤੋਂ ਜਾਣਕਾਰੀ ਸਾਂਝੀ ਕਰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਰਿਹਾ ਹੈ। ਉਹਨਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਓਜ਼ ਏਅਰ ਦੁਆਰਾ ਟੋਰਾਂਟੋ ਨਾਲ ਜੁੜ ਜਾਣ ਦਾ ਸਵਾਗਤ ਕੀਤਾ ਹੈ।

ਗੁਮਟਾਲਾ ਨੇ ਦੱਸਿਆ, ਨਿਓਸ ਏਅਰ ਨੇ ਦਸੰਬਰ 2022 ਵਿੱਚ ਮਿਲਾਨ ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਨੇ ਕੋਵਿਡ ਦੋਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ। ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਬਰਗਾਮੋ ਅਤੇ ਰੋਮ ਏਅਰਪੋਰਟ ਤੱਕ ਸਪਾਈਸਜੈੱਟ ਨੇ ਵੀ ਚਾਰਟਰ ਉਡਾਣਾਂ ਦੇ ਸੰਚਾਲਨ ਤੋਂ ਬਾਦ ਪਿਛਲੇ ਸਾਲ ਨਵੰਬਰ ਵਿੱਚ ਨਿਰਧਾਰਤ ਉਡਾਣਾਂ ਸ਼ੁਰੂ ਕੀਤੀਆਂ ਸਨ। ਇਹਨਾਂ ਦੇ ਸੰਚਾਲਨ ਨਾਲ ਅੰਮ੍ਰਿਤਸਰ ਹੁਣ ਇਟਲੀ ਦੇ 3 ਹਵਾਈ ਅੱਡਿਆਂ ਨਾਲ ਜੁਿੜਆ ਹੈ।

ਨਿਓਸ ਦੁਆਰਾ ਆਪਣੀ ਵੈਬਸਾਈਟ ‘ਤੇ ਉਪਲਬਧ ਸਮਾਂਸੂਚੀ ਅਨੁਸਾਰ, ਏਅਰਲਾਈਨ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਲਈ ਹਫਤੇ ਵਿੱਚ ਇੱਕ ਦਿਨ ਉਡਾਣ ਦਾ ਸੰਚਾਲਨ ਕਰੇਗੀ। ਇਹ ਉਡਾਣ ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਪਹੁੰਚੇਗੀ। ਇੱਥੇ ਯਾਤਰੀ ਲਗਭਗ 4 ਘੰਟੇ 10 ਮਿੰਟ ਰੁਕਣਗੇ, ਫਿਰ ਉਡਾਣ ਮਿਲਾਨ ਤੋਂ ਦੁਪਹਿਰ 12:30 ਵਜੇ ਰਵਾਨਾ ਹੋ ਕੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ।

ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਇਹ ਉਡਾਣ ਫਿਰ ਵਾਪਸੀ ਲਈ ਹਰ ਵੀਰਵਾਰ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਸਵੇਰੇ 6:50 ਵਜੇ ਮਿਲਾਨ ਪਹੁੰਚੇਗੀ। ਉੱਥੋਂ ਫਿਰ ਸਵੇਰੇ 10 ਵਜੇ ਰਵਾਨਾ ਹੋ ਕੇ ਉਸੇ ਦਿਨ ਸ਼ੁੱਕਰਵਾਰ ਰਾਤ 9:15 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀ ਮਿਲਾਨ ਵਿਖੇ 3 ਘੰਟੇ 10 ਮਿੰਟ ਲਈ ਰੁਕਣਗੇ। ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ ਸਿਰਫ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਦੂਰੀ 21 ਘੰਟੇ 15 ਮਿੰਟ ਵਿੱਚ ਪੂਰੀ ਕੀਤੀ ਜਾਵੇਗੀ। ਏਅਰਲਾਈਨ ਇਨ੍ਹਾਂ ਉਡਾਣਾਂ ਲਈ ਆਪਣੇ 359 ਸੀਟਾਂ ਵਾਲੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕਰੇਗੀ।

ਨਿਓਜ਼ ਏਅਰ ਵਲੋਂ ਇਹਨਾਂ ਉਡਾਣਾਂ ਨੂੰ ਸ਼ੁਰੂ ਕਰਾਉਣ ਵਿੱਚ ਵੱਡਾ ਯੋਗਦਾਨ ਜਲੰਧਰ ਤੋਂ ਘਈ ਟਰੈਵਲ ਦਾ ਹੈ ਜੋ ਕਿ ਭਾਰਤ ਅਤੇ ਕੈਨੇਡਾ ਵਿੱਚ ਏਅਰਲਾਈਨ ਦੇ ਜੀ.ਐਸ.ਏ. (ਮੁੱਖ ਵਿਕਰੀ ਏਜੰਟ) ਹਨ। ਗੁਮਟਾਲਾ ਨੇ ਕੰਪਨੀ ਦੇ ਡਾਇਰੈਕਟਰ ਭਰਤ ਘਈ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਸਾਂਝੀ ਕੀਤੀ ਕਿ ਘਈ ਅਨੁਸਾਰ ਪੰਜਾਬੀਆਂ ਵਲੋਂ ਚੰਗਾ ਹੁਲਾਰਾ ਮਿਲਨ ਨਾਲ ਇਹਨਾਂ ਉਡਾਣਾਂ ਦੀ ਗਿਣਤੀ ਨੂੰ ਜਲਦ ਹੀ ਕੁੱਝ ਮਹੀਨਿਆਂ ਬਾਅਦ ਵਧਾ ਦਿੱਤਾ ਜਾਵੇਗਾ।  

ਅੰਮ੍ਰਿਤਸਰ ਵਿਖੇ ਨਿਓਜ਼ ਦਾ ਬੋਇੰਗ 787 ਡਰੀਮਲਾਈਨਰ ਜਹਾਜ਼

ਜ਼ਿਕਰਯੋਗ ਹੈ ਕਿ ਜਨਵਰੀ 2022 ਵਿੱਚ ਸਰੀ ਕੈਨੇਡਾ ਤੋਂ ਇਨੀਸ਼ੀਏਟਿਵ ਦੇ ਕੋ-ਕਨਵੀਨਰ ਮੋਹਿਤ ਧੰਜੂ ਵਲੋਂ ਕੈਨੇਡਾ ਦੀ ਸੰਸਦ ਵਿੱਚ ਦਾਇਦ ਇੱਕ ਪਟੀਸ਼ਨ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਪਟੀਸ਼ਨ ਤੇ ਇਕ ਮਹੀਨੇ ਦੇ ਸਮੇਂ ਵਿੱਚ 19000 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਦਸਤਖਤ ਕੀਤੇ ਸਨ, ਜਿਸ ਦੇ ਨਤੀਜੇ ਵਜੋਂ ਕੈਨੇਡੀਅਨ ਸੰਸਦ ਮੈਂਬਰ ਬਰੈਡ ਵਿਜ਼ ਵਲੌਂ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਬਾਰੇ ਪੂਰਜ਼ੋਰ ਮੰਗ ਉਠਾਈ ਗਈ ਸੀ। ਇਸ ਉਪਰੰਤ ਕੈਨੇਡੀਅਨ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਵੀ ਮਈ 2022 ਵਿੱਚ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨਾਲ ਮੀਟਿੰਗ ਦੋਰਾਨ ਇਸ ਮੁੱਦੇ ਬਾਰੇ ਗੱਲ ਕੀਤੀ ਸੀ। ਗੁਮਟਾਲਾ ਨੇ ਕਿਹਾ ਕਿ ਇਟਲੀ ਦੇ ਰਸਤੇ ਇਸ ਨਵੇਂ ਰੂਟ ਦੀ ਸ਼ੁਰੂਆਤ ਕੈਨੇਡਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਬਾਰੇ ਹੋਰ ਏਅਰਲਾਈਨਾਂ ਲਈ ਠੋਸ ਸਬੂਤ ਪ੍ਰਦਾਨ ਕਰੇਗੀ। 

ਵੈਨਕੂਵਰ ਅਤੇ ਅੰਮ੍ਰਿਤਸਰ ਤੋਂ ਇੱਕ ਸਾਂਝੇ ਬਿਆਨ ਵਿੱਚ ਕੈਨੇਡਾ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਨੰਤਦੀਪ ਸਿੰਘ ਢਿੱਲੋਂ ਅਤੇ ਅੰਮ੍ਰਿਤਸਰ ਤੋਂ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਆ ਰਹੇ ਹਨ, ਜਦੋਂ ਕਿ ਇਸ ਸਮੇਂ ਕੈਨੇਡਾ ਵਿਚ ਵਸਦੇ ਹਜ਼ਾਰਾਂ ਪ੍ਰਵਾਸੀ ਹਰ ਸਾਲ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਮੌਜੂਦਾ ਵਿਕਲਪ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਉਡਾਣਾਂ, ਜਾਂ ਸੜਕ ਅਤੇ ਰੇਲ ਰਾਹੀਂ ਪੰਜਾਬ ਤੋਂ ਦਿੱਲੀ ਜਾ ਕੇ ਕੈਨੇਡਾ ਲਈ ਉਡਾਣਾਂ ਹਨ। ਇੱਥੋਂ ਤੱਕ ਕਿ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੁਆਰਾ ਸਿੱਧੀਆਂ ਦਿੱਲੀ-ਟੋਰਾਂਟੋ ਉਡਾਣਾਂ ਨਾਲ ਵੀ, ਖਿੱਤੇ ਦੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜਾਰ ਕਰਨਾ ਅਤੇ ਸਮਾਨ ਦਾ ਮੁੜ ਤੋਂ ਜਮਾਂ ਕਰਵਾਓਣਾ ਹੈ। ਭਾਂਵੇ ਇਹ ਉਡਾਣ ਟੋਰਾਂਟੋ ਅਤੇ ਵੈਨਕੂਵਰ ਤੋਂ ਸਿੱਧਾ ਅੰਮ੍ਰਿਤਸਰ ਲਈ ਉਡਾਣਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਨਹੀਂ ਕਰਦੀ, ਫਿਰ ਵੀ ਹਜ਼ਾਰਾਂ ਲੋਕਾਂ ਲਈ ਪੰਜਾਬ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।

ਵਧੇਰੇ ਜਾਣਕਾਰੀ ਲਈ, ਕਲਿੱਕ ਕਰੋ

Share post on:

Leave a Reply

This site uses Akismet to reduce spam. Learn how your comment data is processed.