By , Published on May 10th, 2023 in News

ਵਲੋਂ: ਸਮੀਪ ਸਿੰਘ ਗੁਮਟਾਲਾ

ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ‘ਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਮਾਰਚ 2023 ਲਈ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਏਅਰਪੋਰਟ ਨੇ ਮਾਰਚ ਮਹੀਨੇ ਵਿੱਚ 2.58 ਲੱਖ ਯਾਤਰੀਆਂ ਦੀ ਆਵਾਜਾਈ ਨਾਲ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਮਾਰਚ 2019 ਵਿੱਚ 2.35 ਲੱਖ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਨਾਲ ਹੀ ਮਾਰਚ 2023 ਦੀ ਇਹ ਕੁੱਲ ਗਿਣਤੀ ਹੁਣ ਤੱਕ ਦੀ ਸਾਲ ਦੇ ਕਿਸੇ ਵੀ ਮਹੀਨੇ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ, ਪਹਿਲੇ ਨੰਬਰ ਤੇ ਹਾਲੇ ਵੀ 2.60 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2018 ਵਿੱਚ ਦਰਜ ਕੀਤੀ ਗਈ ਸੀ।
ਮਾਰਚ 2023 ਵਿੱਚ ਯਾਤਰੀਆਂ ਦੀ ਰਿਕਾਰਡ ਗਿਣਤੀ ਵਿੱਚ ਵੱਡਾ ਯੋਗਦਾਨ 1,78,723 ਘਰੇਲੂ ਯਾਤਰੂਆਂ ਦਾ ਹੈ। ਇਹ ਵੀ ਹੁਣ ਤੱਕ ਦੀ ਸਭ ਤੋਂ ਘਰੇਲੂ ਯਾਤਰੀਆਂ ਦੀ ਗਿਣਤੀ ਹੈ ਜੋ ਕਿ ਮਾਰਚ 2022 ਦੇ ਮੁਕਾਬਲੇ 22.4% ਫੀਸਦ ਵੱਧ ਹੈ। ਅੰਤਰਰਾਸ਼ਟਰੀ ਆਵਾਜਾਈ ਵਿੱਚ ਵੀ ਮਾਰਚ 2023 ਵਿੱਚ 79,352 ਯਾਤਰੀਆਂ ਦੇ ਨਾਲ 61.4% ਫੀਸਦ ਦਾ ਵੱਡਾ ਵਾਧਾ ਦਰਜ ਕੀਤਾ ਗਿਆ, ਜੱਦ ਕਿ ਮਾਰਚ 2022 ਵਿੱਚ ਇਹ ਗਿਣਤੀ 49,152 ਯਾਤਰੀ ਸੀ।
ਵਿੱਤੀ ਸਾਲ 2022-23 (ਅਪ੍ਰੈਲ 2022 – ਮਾਰਚ 2023) ਵਿੱਚ 25.16 ਲੱਖ ਯਾਤਰੀਆਂ ਨਾਲ ਹਵਾਈ ਅੱਡੇ ਨੇ ਇਤਿਹਾਸ ਵਿੱਚ ਦੂਜੀ ਵਾਰ 25 ਲੱਖ ਦਾ ਅੰਕੜਾ ਪਾਰ ਕੀਤਾ ਹੈ। ਕੁੱਲ ਯਾਤਰੀਆਂ ਦੀ ਇਹ ਗਿਣਤੀ ਵਿੱਤੀ ਸਾਲ 2018-19 ਵਿੱਚ ਦਰਜ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ 25.23 ਲੱਖ ਯਾਤਰੀਆਂ ਦੀ ਗਿਣਤੀ ਤੋਂ ਤਕਰੀਬਨ 7,000 ਯਾਤਰੀ ਘੱਟ ਹੈ। ਵਿੱਤੀ ਸਾਲ 2021-22 ਵਿੱਚ ਯਾਤਰੀਆਂ ਦੀ ਕੁੱਲ ਗਿਣਤੀ 13.82 ਲੱਖ ਸੀ, ਬੀਤੇ ਵਿੱਤੀ ਸਾਲ 2022-23 ਦੋਰਾਨ ਇਸ ਵਿੱਚ 82.1% ਫੀਸਦੀ ਦਾ ਵਾਧਾ ਹੋਇਆ ਹੈ।
ਜਨਵਰੀ ਤੋਂ ਮਾਰਚ 2023 ਦੇ ਪਹਿਲੇ 3 ਮਹੀਨੇ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਸਭ ਤੋਂ ਵਿਅਸਤ ਰਹੇ ਹਨ। ਇਸ ਵਿੱਚ ਕੁੱਲ ਆਵਾਜਾਈ 7.34 ਲੱਖ ਰਹੀ, ਜਿਸ ਵਿੱਚ 5.07 ਲੱਖ ਘਰੇਲੂ ਅਤੇ 2.27 ਲੱਖ ਅੰਤਰਰਾਸ਼ਟਰੀ ਯਾਤਰੀ ਸਨ। ਗੁਮਟਾਲਾ ਨੇ ਕਿਹਾ ਕਿ ਯਾਤਰੀਆਂ ਦੀ ਕੱਲ ਗਿਣਤੀ ਦੇ ਇਹ ਅੰਕੜੇ ਬਹੁਤ ਹੀ ਉਤਸ਼ਾਹਜਨਕ ਹਨ। ਇਸ ਵਿਕਾਸ ਦਰ ‘ਤੇ, ਸਾਨੂੰ ਉਮੀਦ ਹੈ ਕਿ ਵਿੱਤੀ ਸਾਲ 2023-24 ਲਈ ਕੁੱਲ ਆਵਾਜਾਈ 30 ਲੱਖ ਯਾਤਰੀਆਂ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ।
ਅੰਮ੍ਰਿਤਸਰ ਤੋਂ ਵਰਤਮਾਨ ਵਿੱਚ, 11 ਭਾਰਤੀ ਅਤੇ ਵਿਦੇਸ਼ੀ ਏਅਰਲਾਈਨਾਂ ਹਫਤੇ ਵਿੱਚ ਤਕਰੀਬਨ 400 ਤੋਂ ਵੱਧ ਉਡਾਣਾਂ ਦੀ ਰਵਾਨਗੀ ਅਤੇ ਆਗਮਨ ਕਰ ਰਹੀਆਂ ਹਨ। ਅੰਮ੍ਰਿਤਸਰ 11 ਘਰੇਲੂ ਅਤੇ 10 ਵਿਦੇਸ਼ ਦੇ ਹਵਾਈ ਅੱਡੇ ਨੂੰ ਸਿੱਧੀਆਂ ਹਵਾਈ ਉਡਾਣਾਂ ਰਾਹੀਂ ਜੁੜਿਆ ਹੈ। ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ, ਰੋਮ, ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਸ਼ਾਰਜਾਹ ਅਤੇ ਦੋਹਾ ਲਈ ਸਿੱਧਆਂਿ ਉਡਾਣਾਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਵਿਸਤ੍ਰਿਤ ਅੰਕੜਿਆਂ ਦੇ ਨਾਲ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਸਾਨੂੰ ਆਸ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।
ਭਾਰਤ ਅਤੇ ਦੁਨੀਆ ਭਰ ਦੇ ਕਈ ਹਵਾਈ ਅੱਡਿਆ ਨਾਲ ਜੁੜੇ ਹੋਣ ਦੇ ਬਾਵਜੂਦ ਹਵਾਈ ਅੱਡੇ ਨੂੰ ਮੌਜੂਦਾ ਅਤੇ ਪਿਛਲੀ ਸੂਬਾ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਾਂ ਇੱਥੋਂ ਤੱਕ ਕਿ ਸ਼ਹਿਰ ਨੂੰ ਵੀ ਸਰਕਾਰੀ ਬੱਸ ਸੇਵਾ ਨਾਲ ਨਹੀਂ ਜੋੜਿਆ ਗਿਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਪਿਛਲੇ ਕਈ ਸਾਲਾਂ ਤੋਂ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਯਾਤਰੀਆਂ ਲਈ ਆਵਾਜਾਈ ਦੇ ਇਸ ਸਸਤੇ ਸਾਧਨ ‘ਤੇ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅੰਮ੍ਰਿਤਸਰ ਹਵਾਈ ਅੱਡੇ ਲਈ ਬੱਸ ਸੇਵਾ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਦੀ ਬਜਾਏ ਪੰਜਾਬ ਸਰਕਾਰ ਸਿਰਫ ਦਿੱਲੀ ਲਈ ਟਰਾਂਸਪੋਰਟ ਦਾ ਇਹ ਸਸਤਾ ਸਾਧਨ ਪ੍ਰਦਾਨ ਕਰਕੇ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਭਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਲੇਖਕ ਬਾਰੇ:

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਹਨ ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਧੇਰੇ ਉਡਾਣਾਂ ਅਤੇ ਵਿਕਾਸ ਲਈ ਯਤਨਸ਼ੀਲ ਗਰੁੱਪ ਹੈ। ਉਹ ਅਮਰੀਕਾ ਦੇ ਵਸਨੀਕ ਹਨ।

ਵੀਡੀਓ ਦੇਖਣ ਲਈ ਕਲਿੱਕ ਕਰੋ

Share post on:

Leave a Reply

This site uses Akismet to reduce spam. Learn how your comment data is processed.