By , Published on March 11th, 2023 in News

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ, ਨੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੂਮਨੀ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਰਹੇ ਕਾਰਜਕਾਰਨੀ ਮੈਂਬਰ ਹਰਪ੍ਰੀਤ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ। ਗੁਮਟਾਲਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਰਹੇ ਹਨ।

ਇਸ ਮੌਕੇ ਗੁਮਟਾਲਾ ਦੇ ਪਿਤਾ ਜੀ ਡਾ. ਚਰਨਜੀਤ ਸਿੰਘ ਗੁਮਟਾਲਾ ਜੋ ਕਿ ਖਾਲਸਾ ਕਾਲਜ ਦੇ ਸੀਨੀਅਰ ਸਾਬਕਾ ਵਿਦਿਆਰਥੀ ਅਤੇ ਅੰਮ੍ਰਿਤਸਰ ਵਿਕਾਸ ਮੰਚ (ਐਨ.ਜੀ.ਓ.) ਸੰਸਥਾ ਦੇ ਸਹਿ-ਸੰਸਥਾਪਕ ਅਤੇ ਸਰਪ੍ਰਸਤ ਹਨ, ਏਵੀਐਮ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ, ਨਿਊਜ਼18 ਨੈੱਟਵਰਕ ਦੇ ਪੱਤਰਕਾਰ ਸਿਮਰਨਪ੍ਰੀਤ ਸਿੰਘ ਵੀ ਹਾਜ਼ਰ ਸਨ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕੰਮ, ਇਸ ਦੇ ਉਦੇਸ਼ਾਂ, ਪ੍ਰਾਪਤੀਆਂ, ਕਾਰਗੋ ਦੀ ਬਰਾਮਦ ਨੂੰ ਹੁਲਾਰਾ ਦੇਣ ਦੇ ਉਪਾਵਾਂ ਦੇ ਨਾਲ-ਨਾਲ ਪੰਜਾਬ ਨੂੰ ਖੇਤੀ ਪ੍ਰਧਾਨ ਰਾਜ ਹੋਣ ਦੇ ਨਾਲ ਅੰਤਰਰਾਸ਼ਟਰੀ, ਕਾਰਗੋ ਨੂੰ ਵਧਾਉਣ ਅਤੇ ਇਸ ਰਾਹੀਂ ਨਿਰਯਾਤ ਨੂੰ ਕਿਵੇਂ ਵਧਾਉਣਾ ਹੈ ਬਾਰੇ ਸੰਖੇਪ ਚਰਚਾ ਕੀਤੀ ਗਈ। ਗੁਮਟਾਲਾ ਅੰਮ੍ਰਿਤਸਰ ਦੇ ਸੰਖੇਪ ਦੌਰੇ ਤੇ ਆਏ ਸਨ।

ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਛੀਨਾ ਨੇ ਸ. ਸਮੀਪ ਸਿੰਘ ਗੁਮਟਾਲਾ ਨੂੰ ਸੱਦਾ ਦਿੱਤਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਇਸ ਪ੍ਰੋਜੈਕਟ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਦੀ ਗਲੋਬਲ ਹੈਰੀਟੇਜ ਨੂੰ ਉਜਾਗਰ ਕਰਨ ਦੇ ਨਾਲ-ਨਾਲ ਇਸ ਖੇਤਰ ਲਈ ਵਧੀਆ ਕੰਮ ਕਰ ਰਹੇ ਹੋ।

ਡਾ: ਛੀਨਾ ਨੇ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਿਆਉਣ ਦੇ ਯਤਨਾਂ ਵਿਚ ਸਮੀਪ ਸਿੰਘ ਗੁਮਟਾਲਾ ਅਤੇ ਉਨ੍ਹਾਂ ਦੀ ਟੀਮ ਦੁਆਰਾ ਅੰਮ੍ਰਿਤਸਰ ਹਵਾਈ ਅੱਡੇ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

ਐਲੂਮਨੀ ਐਸੋਸੀਏਸ਼ਨ ਨੇ ਗੁਮਟਾਲਾ ਨਾਲ ਅੰਮ੍ਰਿਤਸਰ ਇੰਟਰਨੈਸ਼ਨਲ ਫੋਕ ਫੈਸਟੀਵਲ ਅਤੇ ਖਾਲਸਾ ਕਾਲਜ ਇੰਟਰਨੈਸ਼ਨਲ ਫੋਕ ਫੈਸਟੀਵਲ ਰਾਹੀਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਤਾਲਮੇਲ ਨਾਲ ਕਰਵਾਏ ਗਏ ਅੰਤਰਰਾਸ਼ਟਰੀ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਬਾਰੇ ਗੁਮਟਾਲਾ ਨਾਲ ਜਾਣਕਾਰੀ ਸਾਂਝੀ ਕੀਤੀ।

ਐਸੋਸੀਏਸ਼ਨ ਵੱਲੋਂ ਗੁਮਟਾਲਾ ਨੂੰ ਇਹ ਵੀ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮਾਂ ਦੇ ਸਾਰੇ ਡੈਲੀਗੇਸ਼ਨ ਜ਼ਿਆਦਾਤਰ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਉਤਰਨ ਨੂੰ ਤਰਜੀਹ ਦਿੰਦੇ ਹਨ। ਇਸ ਲਈ ਹੋਰ ਸਿੱਧੀਆਂ ਉਡਾਣਾਂ ਲਈ ਜ਼ੋਰ ਦੇਣ ਦੀ ਲੋੜ ਹੈ। ਐਸੋਸੀਏਸ਼ਨ ਨੇ ਲੰਡਨ, ਬਰਮਿੰਘਮ, ਕੁਆਲਾਲੰਪੂਰ, ਆਸਟ੍ਰੇਲੀਆ ਸਮੇਤ ਦੱਖਣੀ ਪੂਰਬੀ ਏਸ਼ੀਆ ਨਾਲ ਸਿੱਧੀ ਉਡਾਣ ਕੁਨੈਕਸ਼ਨ ਅਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਪਟਨਾ, ਜੈਪੂਰ ਅਤੇ ਕੋਲਕਾਤਾ ਨਾਲ ਜੋੜਨ ਲਈ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਭਾਰਤ ਸਰਕਾਰ ਦੀਆਂ ਸਕੀਮਾਂ ਦੀ ਪੜਚੋਲ ਕਰਨ ਲਈ ਫਲਾਈ ਅੰਮ੍ਰਿਤਸਰ ਪਹਿਲਕਦਮੀ ਦੇ ਉੱਤਮ ਯਤਨਾਂ ਅਤੇ ਦਬਾਅ ਦੀ ਸ਼ਲਾਘਾ ਕੀਤੀ।

ਐਲੁਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਛੀਨਾ, ਅਤੇ ਸਾਰੇ ਮਾਣਯੋਗ ਟੀਮ ਮੈਂਬਰਾਂ ਦੀ ਤਰਫੋਂ ਹਰਪ੍ਰੀਤ ਸਿੰਘ ਭੱਟੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਅਲੂਮਨੀ ਦਾ ਬਰੋਸ਼ਰ ਅਤੇ ਸਨਮਾਨ ਚਿੰਨ੍ਹ ਸਮੀਪ ਸਿੰਘ ਗੁਮਟਾਲਾ ਨੂੰ ਭੇਟ ਕੀਤਾ।

ਗੁਮਟਾਲਾ ਨੇ ਡਾ. ਦਵਿੰਦਰ ਸਿੰਘ ਛੀਨਾ ਅਤੇ ਮੈਂਬਰਾਂ ਦਾ ਸਨਮਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਗਲੋਬਲ ਅਲੂਮਨਾਈ ਦੇ ਮੈਂਬਰ ਅੰਮ੍ਰਿਤਸਰ ਏਅਰਪੋਰਟ ਨੂੰ ਤਰਜੀਹ ਦੇ ਰਹੇ ਹਨ ਪਰ ਫਿਰ ਵੀ ਸਾਰੇ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਅਤੇ ਇਸ ਨੂੰ ਵੱਧ ਤੋਂ ਵੱਧ ਪ੍ਰਚਾਰਨ ਲਈ ਅਪੀਲ ਕੀਤੀ।

ਗੁਮਟਾਲਾ ਨੇ ਭਰੋਸਾ ਦਿਵਾਇਆ ਕਿ ਉਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਸਮੁੱਚੀ ਟੀਮ ਦੇ ਨਾਲ ਵਧੇਰੇ ਉਡਾਣਾਂ ਸ਼ੁਰੂ ਕਰਵਾ ਸਕਣ ਦਾ ਕੰਮ ਜਾਰੀ ਰੱਖਣਗੇ ਅਤੇ ਅੰਮ੍ਰਿਤਸਰ ਏਅਰਪੋਰਟ ਲਈ ਵੱਧ ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਈ ਸਖ਼ਤ ਮਿਹਨਤ ਕਰਨਗੇ।

ਵੀਡੀਓ ਦੇਖਣ ਲਈ ਕਲਿੱਕ ਕਰੋ:

Share post on:

Leave a Reply

This site uses Akismet to reduce spam. Learn how your comment data is processed.