By Singh, Published on June 21st, 2021 in News
ਵੱਲੋਂ: ਰਵਰੀਤ ਸਿੰਘ
ਅੰਮ੍ਰਿਤਸਰ ਜੋ ਕਿ ਇਤਿਹਾਸਕ ਤੌਰ ‘ਤੇ ‘ਰਾਮਦਾਸਪੁਰ’ ਵਜੋਂ ਵੀ ਜਾਣਿਆ ਜਾਂਦਾ ਹੈ, ਸਿੱਖਾਂ ਦੇ ਸਭ ਤੋਂ ਅਧਿਆਤਮਕ ਸਥਾਨ, ਸ੍ਰੀ ਹਰਿਮੰਦਰ ਸਾਹਿਬ ਦਾ ਘਰ ਹੈ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਪੰਜਾਬੀ ਅਤੇ ਵਿਦੇਸ਼ੀ ਸੈਲਾਨੀ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ। ਧਾਰਮਿਕ ਮਹੱਤਤਾ ਦੇ ਮੱਦੇਨਜ਼ਰ ਅਤੇ ਇੱਕ ਪੁਰਾਣਾ ਵਪਾਰਕ ਕੇਂਦਰ ਹੋਣ ਦੇ ਕਾਰਨ, ਇਸ ਸ਼ਹਿਰ ਨੂੰ “ਪੰਜਾਬ ਦਾ ਦਿਲ” ਵੀ ਕਿਹਾ ਜਾ ਸਕਦਾ ਹੈ।
ਕੈਨੇਡਾ, ਅਮਰੀਕਾ, ਯੂ.ਕੇ, ਆਸਟ੍ਰੇਲੀਆ, ਮਲੇਸ਼ੀਆ, ਅਤੇ ਹੋਰਨਾਂ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ, ਜੋ ਕਿ ਸਾਰਾ ਸਾਲ ਪੰਜਾਬ ਦੀ ਯਾਤਰਾ ਕਰਦੇ ਹਨ ਅਤੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਵੀ ਆਉਂਦੇ ਹਨ।
ਮਾਰਚ 2020: ਭਾਰਤ ਵੱਲੋਂ ਤਾਲਾਬੰਦੀ ਦਾ ਐਲਾਨ
ਮਾਰਚ 2020 ਦੇ ਅਖੀਰ ਵਿੱਚ, ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਆਪੀ ਮੁਕੰਮਲ ਤਾਲਾਬੰਦੀ ਦੀ ਘੋਸ਼ਣਾ ਕੀਤੀ, ਜਿਸ ਨਾਲ ਦੇਸ਼ ਵਿਚ ਆਉਂਦੀਆਂ ਸਾਰੀਆਂ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਦੇ ਕਾਰਨ ਲੱਖਾਂ ਵਿਦੇਸ਼ੀ ਨਾਗਰਿਕ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਫਸ ਗਏ ਸਨ। ਇਸ ਨੂੰ ਹੁਣ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਸੀਂ ਇਸ ਲਿਖਤ ਰਾਹੀਂ ਇਹ ਝਾਤ ਮਾਰਦੇ ਹਾਂ ਕਿ ਕਿਵੇਂ ਅੰਮ੍ਰਿਤਸਰ ਅਤੇ ਇੱਥੇ ਸਥਿੱਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਪੰਜਾਬ ਵਿੱਚ ਫਸੇ ਹਜ਼ਾਰਾਂ ਕੈਨੇਡਾ ਵਸੇ ਪੰਜਾਬੀਆਂ ਲਈ ਮਹੱਤਵਪੂਰਨ ਬਣ ਗਿਆ।
ਹਜ਼ਾਰਾਂ ਕੈਨੇਡੀਅਨ ਅਤੇ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਦੀ ਘਰ ਵਾਪਸੀ
ਇਸ ਮੁਕੰਮਲ ਤਾਲਾਬੰਦੀ ਤੋਂ ਬਾਅਦ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਉਸ ਸਮੇਂ 40 ਹਜ਼ਾਰ ਤੋਂ ਵੱਧ ਕੈਨੇਡਾ ਦੇ ਵਸਨੀਕ ਪੰਜਾਬ ਵਿੱਚ ਫਸੇ ਹੋਏ ਸਨ। ਜਦੋਂ ਕਿ ਇਹ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ 26 ਹਜ਼ਾਰ ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਆਪਣੇ ਦੇਸ਼ ਵਾਪਸ ਜਾਣ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਲਈ ਭਾਰਤ ਸਥਿੱਤ ਕੈਨੇਡਾ ਦੇ ਹਾਈ ਕਮਿਸ਼ਨ ਕੋਲ ਰਜਿਸਟਰ ਕੀਤਾ ਸੀ।
ਜਿਵੇਂ ਕਿ ਦੁਨੀਆ ਭਰ ਦੇ ਦੇਸ਼ਾਂ ਨੇ ਕੋਰੋਨਾਵਾਇਰਸ ਬਿਮਾਰੀ ਦੀ ਰੋਕਥਾਮ ਅਤੇ ਦੁਨੀਆ ਭਰ ਵਿਚੋਂ ਆਪਣੇ ਫੱਸੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸੰਘਰਸ਼ ਕੀਤਾ, ਭਾਰਤ ਵਿਚ ਕੈਨੇਡਾ ਦੇ ਵਿਦੇਸ਼ੀ ਦਫਤਰ ਨੇ ਸ਼ੁਰੂ ਵਿਚ ਅੰਮ੍ਰਿਤਸਰ ਤੋਂ ਰਾਜਧਾਨੀ ਦਿੱਲੀ ਤੇ ਲੰਡਨ ਰਾਹੀਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ। ਇਹਨਾਂ ਉਡਾਣਾਂ ਦੀ ਕੀਮਤ 3200 ਕੈਨੇਡੀਅਨ ਡਾਲਰ ਤੋਂ ਵੱਧ ਰੱਖੀ ਗਈ ਸੀ। ਤਾਲਾਬੰਦੀ ਕਾਰਨ ਸੜਕੀ ਆਵਾਜਾਈ ਰਾਹੀਂ ਦਿੱਲੀ ਜਾਣਾ ਬਹੁਤ ਮੁਸ਼ਕਲ ਸੀ।
ਅੰਮ੍ਰਿਤਸਰ ਤੋਂ ਮੁਲਕ ਵਾਪਸੀ ਲਈ ਸਿੱਧੀਆਂ ਵਿਸ਼ੇਸ਼ ਉਡਾਣਾਂ ਦੀ ਮੰਗ
ਪੰਜਾਬ ਵਿੱਚ ਫੱਸੇ ਕੈਨੇਡਾ ਦੇ ਨਾਗਰਿਕਾਂ ਦੀ ਦਿੱਲੀ ਦੀ ਬਜਾਏ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਵੱਡੀ ਮੰਗ ਦੇ ਕਾਰਨ, ਕੈਨੇਡਾ ਸਰਕਾਰ ਨੇ ਕਤਰ ਏਅਰਵੇਜ਼ ਨਾਲ ਦੋਹਾ ਰਾਹੀਂ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੁਵਰ ਲਈ ਸਿੱਧੀਆਂ ਉਡਾਣਾਂ ਚਲਾਉਣ ਲਈ ਸਮਝੌਤਾ ਕੀਤਾ। ਨਤੀਜੇ ਵਜੋਂ ਕੈਨੇਡਾ ਵਿੱਚ ਦੱਸ ਲੱਖ ਤੋਂ ਵੀ ਵੱਧ ਪੰਜਾਬੀਆਂ ਦੀ ਲੰਮੇ ਸਮੇਂ ਦੀ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੀ ਮੰਗ ਮਹਾਂਮਾਰੀ ਦੇ ਸਮੇਂ ਵਿੱਚ ਕੁੱਝ ਦਿਨਾਂ ਲਈ ਸੰਭਵ ਹੋ ਗਈ।
ਉਹਨਾਂ ਨੂੰ ਵਿਸ਼ੇਸ਼ ਉਡਾਣਾਂ ਲਈ ਬਹੁਤ ਹੀ ਮਹਿੰਗੀ ਕੀਮਤ ਤੇ ਟਿਕਟਾਂ ਖਰੀਦਣ ਤੋਂ ਇਲਾਵਾ ਹੋਰ ਕੋਈ ਹੱਲ ਵੀ ਨਹੀਂ ਸੀ। ਪਰ ਇਸ ਮਜਬੂਰੀ ਦੇ ਸਮੇਂ ਵਿੱਚ ਉਹਨਾਂ ਲਈ ਅੰਮ੍ਰਿਤਸਰ ਦਾ ਹਵਾਈ ਅੱਡਾ ਇਕ ਵਰਦਾਨ ਸਾਬਤ ਹੋਇਆ ਅਤੇ ਬਹੁਤ ਸਾਰਿਆਂ ਨੇ ਤੇ ਆਪਣੀ ਸਰਕਾਰ ਨੂੰ ਇਹ ਵੀ ਕਿਹਾ ਕਿ ਸਾਡੇ ਕੋਲੋਂ ਭਾਵੇਂ ਦਿੱਲੀ ਨਾਲ਼ੋਂ ਵੱਧ ਕੀਮਤ ਲੈ ਲਵੋ ਪਰ ਉਡਾਣਾਂ ਦਾ ਸੰਚਾਲਨ ਸਿੱਧਾ ਅੰਮ੍ਰਿਤਸਰ ਤੋਂ ਕੀਤਾ ਜਾਵੇ। ਬਹੁਤ ਸਾਰੇ ਵਾਪਸ ਜਾਣ ਵਾਲਿਆਂ ਲਈ ਇਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਨ੍ਹਾਂ ਦੀ ਪਹਿਲੀ ਵਾਰ ਉਡਾਣ ਸੀ।
ਅਪ੍ਰੈਲ ਤੋਂ ਮਈ ਮਹੀਨੇ ਦੇ ਅੱਧ ਤੱਕ, ਕੈਨੇਡਾ ਲਈ ਕਤਰ ਏਅਰਵੇਜ਼ ਨੇ ਤਕਰੀਬਨ 20 ਸਿੱਧੀਆਂ ਉਡਾਣਾਂ ਅਤੇ ਏਅਰ ਇੰਡੀਆ / ਏਅਰ ਕੈਨੇਡਾ ਨੇ ਤਕਰੀਬਨ 5 ਉਡਾਨਾਂ ਦਾ ਸੰਚਾਲਨ ਕੀਤਾ, ਜਿਸ ਵਿੱਚ ਅੰਮ੍ਰਿਤਸਰ ਤੋਂ ਲੱਗਭਗ 7,516 ਕੈਨੇਡੀਅਨ ਨਾਗਰਿਕਾਂ ਨੂੰ ਵਾਪਸ ਘਰ ਭੇਜਿਆ ਗਿਆ, ਜੋ ਕਿ ਭਾਰਤ ਦੇ ਕਿਸੇ ਵੀ ਹੋਰ ਹਵਾਈ ਅੱਡੇ ਨਾਲੋਂ ਸਭ ਤੋਂ ਵੱਧ ਸੀ।
ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਇਨ੍ਹਾਂ ਇਕ ਪਾਸੇ ਦੀਆਂ ਉਡਾਣਾਂ ਦਾ ਕਿਰਾਇਆ ਪ੍ਰਤੀ ਵਿਅਕਤੀ 2800 ਤੋਂ 3500 ਕੈਨੇਡੀਅਨ ਡਾਲਰ ਸੀ। ਕਈ ਪਰਿਵਾਰਾਂ ਨੂੰ ਵਾਪਸੀ ਲਈ ਕੈਨੇਡਾ ਸਰਕਾਰ ਤੋਂ ਕਰਜ਼ਾ ਵੀ ਲੈਣਾ ਪਿਆ। ਜੇਕਰ ਆਮ ਦਿਨਾਂ ਦੇ ਕਿਰਾਏ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਹ ਚਾਰ ਤੋਂ ਪੰਜ ਗੁਣਾਂ ਵੱਧ ਕਿਰਾਇਆ ਹੈ।
ਜੇਕਰ ਅਸੀਂ ਤਕਰੀਬਨ 7516 ਯਾਤਰੀਆਂ ਦੀਆਂ ਟਿਕਟਾਂ ਦਾ ਕੁੱਲ ਜੋੜ ਕਰਦੇ ਹਾਂ ਤਾਂ ਇਹ ਤਕਰੀਬਨ 26 ਮੀਲੀਅਨ (2 ਕਰੋੜ 60 ਲੱਖ) ਡਾਲਰ ਜਾਂ 140 ਕਰੋੜ ਰੁਪਏ ਬਣਦਾ ਹੈ ਜੋ ਕਿ ਪੰਜਾਬੀਆਂ ਨੇ ਅੰਮ੍ਰਿਤਸਰ ਤੋਂ ਘਰ ਵਾਪਸੀ ਲਈ ਖ਼ਰਚੇ। ਇਹੀ ਨਹੀਂ ਇਸ ਤੋਂ ਬਾਦ ਦਿੱਲੀ ਤੋਂ ਵੀ ਹੋਰ ਉਡਾਣਾਂ ਗਈਆਂ ਜਿਸ ਤੇ ਵੱਡੀ ਗਿਣਤੀ ਵਿੱਚ ਪੰਜਾਬੀ ਹੀ ਗਏ ਸਨ। ਇਸ ਵਿੱਚ ਉਹ ਰਕਮ ਸ਼ਾਮਲ ਨਹੀਂ ਹੈ ਜੋ ਉਹ ਪਹਿਲਾਂ ਤੋਂ ਖਰੀਦੀਆਂ ਟਿਕਟਾਂ ਲਈ ਗੁਆ ਚੁੱਕੇ ਸਨ। ਭਾਰਤ ਦੇ ਵੱਡੇ ਹਵਾਈ ਅੱਡਿਆਂ ਜਿਵੇਂ ਦਿੱਲੀ, ਮੁੰਬਈ ਅਤੇ ਬੰਗਲੁਰੂ ਦੀ ਤੁਲਨਾ ਵਿੱਚ, ਅਪ੍ਰੈਲ-ਮਈ 2020 ਵਿੱਚ, ਅੰਮ੍ਰਿਤਸਰ ਹਵਾਈ ਅੱਡੇ ਨੇ ਕੈਨੇਡਾ ਅਤੇ ਯੂਕੇ ਲਈ ਵੀ ਸਭ ਤੋਂ ਵੱਧ ਘਰ ਵਾਪਸੀ ਦੀਆਂ ਉਡਾਣਾਂ ਦੀ ਸਹੂਲਤ ਦਿੱਤੀ।
ਇਸ ਸਭ ਦੇ ਬਾਵਜੂਦ ਜਦ ਅਗਸਤ ਮਹੀਨੇ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਇੰਡੀਆਂ ਅਤੇ ਏਅਰ ਕੈਨੇਡਾ ਦੀਆ ਅਸਥਾਈ ਹਵਾਈ ਸਮਝੋਤਿਆਂ ਤੋਂ ਬਾਦ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਈਆਂ ਤਾਂ ਦੋਨਾਂ ਵਲੋਂ ਪੰਜਾਬ ਵਿਚ ਤਾਲਾਬੰਦੀ ਦੋਰਾਨ ਇਹਨੀ ਵੱਡੀ ਗਿਣਤੀ ਵਿੱਚ ਫਸੇ ਹਜਾਰਾਂ ਕੈਨੇਡਾ ਦੇ ਵਾਸੀਆਂ ਦੀ ਗਿਣਤੀ ਅਤੇ ਉਹਨਾਂ ਵਲੋਂ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੀ ਤਰਜੀਹ ਦੇਣ ਵਾਲੀ ਸੱਚਾਈ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੱਤੀ ਗਈ ਅਤੇ ਅੰਮ੍ਰਿਤਸਰ ਤੋਂ ਇਕ ਵਾਰ ਫਿਰ ਇਹਨਾਂ ਦੋਨਾਂ ਏਅਰਲਾਈਨ ਵਲੋਂ ਕੋਈ ਉਡਾਣ ਸ਼ੁਰੂ ਨਹੀਂ ਕੀਤੀ ਗਈ।
ਇਹ ਪੰਜਾਬੀਆਂ ਲਈ ਮੰਦਭਾਗਾ ਹੈ ਕਿ ਅਜੇ ਵੀ ਏਅਰ ਇੰਡੀਆ, ਏਅਰ ਕੈਨੇਡਾ ਆਦਿ ਇੱਥੋਂ ਉਡਾਣਾਂ ਦੀ ਵਪਾਰਕ ਵਿਵਹਾਰਕਤਾ ਨੂੰ ਨਹੀ ਵੇਖਦੀਆਂ। ਮਹਾਂਮਾਰੀ ਤੋਂ ਪਹਿਲਾਂ ਕੁੱਝ ਹਵਾਈ ਕੰਪਨੀਆਂ ਵਲੋਂ ਇਹ ਚਿੰਤਾ ਜਾਹਰ ਕੀਤੀ ਜਾਂਦੀ ਰਹੀ ਹੈ ਕਿ ਪੰਜਾਬੀ ਵੱਧ ਕਿਰਾਏ ਵਾਲੀਆਂ ਜਾਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਦੀ ਖਰੀਦ ਨਹੀਂ ਕਰਦੇ, ਪਰ ਹੁਣ ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ ਜੇ ਸਭ ਤੋਂ ਵੱਧ ਹਜਾਰਾਂ ਦੀ ਗਿਣਤੀ ਸਿਰਫ ਪੰਜਾਬ ਵਿੱਚ ਹੀ ਫਸੀ ਸੀ ਤਾਂ ਇਹ ਸਭ ਵੀ ਤੇ ਦਿੱਲੀ ਏਅਰ ਇੰਡੀਆ ਜਾਂ ਏਅਰ ਕੈਨੇਡਾ ਦੀਆਂ ਉਡਾਣਾਂ ਰਾਹੀਂ ਆਏ ਸਨ। ਜੇਕਰ ਇਹਨਾਂ ਨੂੰ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਨਾ ਹੋਣ ਦੇ ਕਾਰਨ ਮਜਬੂਰੀ ਵੱਸ ਦਿੱਲੀ ੳਤਰਨਾ ਪੈਂਦਾ ਹੈ ਤਾਂ ਉਹ ਅੰਮ੍ਰਿਤਸਰ ਨੂੰ ਹੀ ਤਰਜੀਹ ਦੇਣਗੇ ਅਤੇ ਇਸ ਲਈ ਲਈ ਵੱਧ ਕਿਰਾਇਆ ਵੀ ਖਰਚ ਸਕਦੇ ਹਨ।
ਪੰਜਾਬੀਆਂ ਲਈ ਵੀ ਇਹ ਬਹੁਤ ਜਰੂਰੀ ਹੈ ਕਿ ਜਿਸ ਤਰਾਂ ਇਕਮੁੱਠ ਹੋ ਕੇ ਉਹਨਾਂ ਸੋਸਲ ਮੀਡੀਆ ਜਾਂ ਦੂਜੇ ਤਰੀਕਿਆਂ ਨਾਲ ਅੰਮ੍ਰਿਤਸਰ ਤੋਂ ਉਡਾਣਾਂ ਦੀ ਮੰਗ ਨੂੰ ਤਾਲਾਬੰਦੀ ਦੋਰਾਨ ਆਪਣੀ ਸਰਕਾਰ ਤੱਕ ਪਹੁੰਚਾਇਆਂ, ਉਸੇ ਤਰਾਂ ਇਸ ਨੂੰ ਹੁਣ ਵੀ ਜਾਰੀ ਰੱਖਿਆ ਜਾਵੇ। ਤਾਲਾਬੰਦੀ ਦੌਰਾਨ ਕੈਨੇਡਾ ਤੋਂ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀ ਵੀ ਅੱਗੇ ਆਏ ਪਰ ਬਾਦ ਵਿੱਚ ਬਹੁਤਿਆਂ ਦਾ ਚੁੱਪ ਹੋ ਜਾਣਾ ਇਹ ਵੀ ਸੰਕੇਤ ਦਿੰਦਾ ਹੈ ਕਿ ਜੱਦ ਮੁਸ਼ਕਿਲ ਬਹੁਤ ਹੀ ਜਿਆਦਾ ਹੋ ਜਾਵੇ ਤਾਂ ਹੀ ਯਤਨ ਕੀਤੇ ਜਾਂਦੇ ਹਨ।
ਸਾਲ 2005 ਤੋਂ ਲੈ ਕੇ 2008 ਤੱਕ ਅੰਮ੍ਰਿਤਸਰ ਏਅਰ ਇੰਡੀਆ ਦੁਆਰਾ ਅੰਮ੍ਰਿਤਸਰ-ਬਰਮਿੰਘਮ-ਟੋਰਾਂਟੋ ਉਡਾਣ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਸੀ, ਜਿਸਨੂੰ ਉਸ ਸਮੇਂ ਏਅਰ ਇੰਡੀਆ ਦਾ ਸਭ ਤੋਂ ਵੱਧ ਮੁਨਾਫੇ ਵਾਲਾ ਰੂਟ ਵਜੋਂ ਵੀ ਜਾਣਿਆ ਜਾਂਦਾ ਹੈ। ਅਕਤੂਬਰ 2008 ਤੋਂ 2010 ਤੱਕ, ਏਅਰ ਇੰਡੀਆ ਨੇ ਇਸ ਰੂਟ ਨੂੰ ਅੰਮ੍ਰਿਤਸਰ-ਲੰਡਨ ਹੀਥਰੋ-ਟੋਰਾਂਟੋ ਦੇ ਰੂਪ ਵਿੱਚ ਮੁੜ ਉਭਾਰਿਆ, ਜੋ ਕਿ ਬਹੁਤ ਪ੍ਰਸਿੱਧ ਰੂਟ ਵੀ ਸੀ। 2010 ਦੇ ਅਖੀਰ ਵਿਚ, ਏਅਰ ਇੰਡੀਆ ਦੀ ਦਿੱਲੀ ਅਤੇ ਮੁੰਬਈ ਨੂੰ ਆਪਣੇ ਹੱਬ ਵਜੋਂ ਵਿਕਸਤ ਕਰਨ ਦੀ ਨਵੀਂ ਨੀਤੀ ਦੀ ਸ਼ੁਰੂਆਤ ਦੇ ਕਾਰਨ ਉਸ ਨੇ ਆਪਣੇ ਸਾਰੇ ਅੰਤਰਰਾਸ਼ਟਰੀ ਰੂਟਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਦੇ ਰਸਤੇ ਬਦਲ ਦਿੱਤਾ।
ਕੀ ਪੂਰੀ ਹੋਵੇਗੀ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਦੀ ਉਡੀਕ?
ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇ ਕੇ ਹਜ਼ਾਰਾਂ ਲੋਕਾਂ ਨੂੰ ਹੁੰਦੀ ਇਸ ਖੱਜਲ-ਖੁਆਰੀ ਵੱਲ ਧਿਆਨ ਦੇਣਾ ਚਾਹੀਦਾ ਹੈ। ਕੈਨੇਡਾ ਅਤੇ ਪੰਜਾਬ ਵਿਚਾਲੇ ਇੱਕ ਵਿਸ਼ਾਲ ਵਪਾਰਕ ਅਵਸਰ ਵੀ ਹੈ, ਖ਼ਾਸਕਰ ਦੋਵਾਂ ਦੇਸ਼ਾਂ ਦੇ ਕਿਸਾਨਾਂ ਲਈ। ਇਹ ਪੰਜਾਬ ਵਿਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੇ ਨਾਲ- ਨਾਲ ਅੰਮ੍ਰਿਤਸਰ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਦੇਵੇਗਾ।
ਜਿਵੇਂ ਕਿ ਭਾਰਤ ਨੂੰ ਇਕ ਵੱਡੀ ਦੂਜੀ ਕੋਵਿਡ-19 ਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਵਿਸ਼ਵ ਅਜੇ ਵੀ ਮਹਾਂਮਾਰੀ ਦੇ ਠੀਕ ਹੋਣ ਦੇ ਕੋਸ਼ਿਸ਼ ਵਿਚ ਹੈ, ਇਹ ਹੁਣ ਸਮਾਂ ਦੱਸੇਗਾ ਕਿ ਭਵਿੱਖ ਵਿਚ ਮੁੜ ਤੋਂ ਉਡਾਣਾਂ ਦੇ ਪੂਰੀ ਤਰਾਂ ਸ਼ੁਰੂ ਹੋਣ ਤੋਂ ਬਾਦ, ਏਅਰਲਾਈਨਾਂ ਅੰਮ੍ਰਿਤਸਰ ਅਤੇ ਟੋਰਾਂਟੋ / ਵੈਨਕੂਵਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਇਸ ਮੰਗ ਨੂੰ ਪੂਰਾ ਕਰਦੀਆਂ ਹਨ ਜਾਂ ਨਹੀਂ।
ਸਾਲ 2010 ਤੱਕ ਏਅਰ ਇੰਡੀਆਂ ਦੀ ਅੰਮਿਤਸਰ ਤੋਂ ਟੋਰਾਂਟੋ ਉਡਾਣ ਨੂੰ ਇੱਕ ਉਡਣ ਵਾਲਾ ਪਿੰਡ (ਫਲਾਇੰਗ ਵਿਲੇਜ) ਵੀ ਕਿਹਾ ਜਾਂਦਾ ਸੀ ਜਿੱਸ ਵਿੱਚ ਪਿੰਡਾ ਤੋਂ ਵੀ ਲੱਖਾਂ ਲੋਕ ਦੋਵੇਂ ਮੁਲਕਾਂ ਦਰਮਿਆਨ ਸਫਰ ਕਰਦੇ ਸਨ। ਅੱਜ ਵਿਸ਼ਵ ਇੱਕ ਛੋਟਾ ਜਿਹਾ ਪਿੰਡ ਬਣ ਗਿਆ ਹੈ ਪਰ ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਆਪਣੇ ਆਪ ਨੂੰ ਆਪਣੇ ਦਿਲ ਦੀ ਸਭ ਤੋਂ ਮਹੱਤਵਪੂਰਣ ਜਗ੍ਹਾ, ਪੰਜਾਬ ਅਤੇ ਖਾਸ ਕਰਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੇ ਇੱਥੇ ਸਥਿੱਤ ਸ੍ਰੀ ਹਰਿਮੰਦਰ ਸਾਹਿਬ ਨਾਲ ਸਿੱਧੀਆਂ ਉਡਾਣਾਂ ਰਾਹੀਂ ਨਹੀਂ ਜੁੜ ਸਕਿਆ ਹੈ।
ਰਵਰੀਤ ਸਿੰਘ ਇਕ ਨੌਜਵਾਨ ਬਲੌਗਰ ਹੈ ਅਤੇ ਹਵਾਬਾਜ਼ੀ ਵਿਚ ਬਹੁਤ ਦਿਲਚਸਪੀ ਰੱਖਦਾ ਹੈ। ਹਵਾਬਾਜ਼ੀ ਖੇਤਰ ਵਿੱਚ ਉਸਦਾ ਮੁੱਖ ਧਿਆਨ ਅੰਮ੍ਰਿਤਸਰ, ਪੰਜਾਬ ਨੂੰ ਵਿਸ਼ਵ ਨਾਲ ਜੋੜਨ ਲਈ ਯਤਰ ਕਰਨਾ ਹੈ। ਉਹ ਫਲਾਈਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲਾ) ਦੀ ਟੀਮ ਦਾ ਵੀ ਮੈਂਬਰ ਹੈ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਸ਼ੁਰੂ ਕਰਾਓਣ ਲਈ ਜਨਤਕ ਮੁਹਿੰਮ ਹੈ।
1,913 total views
Leave a Reply