By , Published on November 4th, 2021 in News

For English Version, Click Here

ਇੰਡੀਗੋ ਏਅਰਲਾਈਨ 10 ਨਵੰਬਰ 2021 ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਰੋਜ਼ਾਨਾ ਸਿੱਧੀਆਂ ਉਡਾਣ ਸ਼ੁਰੂ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਭਾਰਤ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਇੰਡੀਗੋ ਨੇ ਆਪਣੀ ਵੈੱਬਸਾਈਟ https://www.goindigo.in ‘ਤੇ ਇਸ ਸਿੱਧੀ ਉਡਾਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।  ਉਡਾਣ 6E-6064 ਅੰਮ੍ਰਿਤਸਰ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ 1:35 ਵਜੇ ਗੋਆ ਦੇ ਡਬੋਲਿਮ ਹਵਾਈ ਅੱਡੇ ‘ਤੇ ਪਹੁੰਚੇਗੀ।  ਗੋਆ ਤੋਂ ਉਡਾਣ, 6E-6065, ਅੱਧੀ ਰਾਤ 12:05 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 3:10 ਵਜੇ ਅੰਮ੍ਰਿਤਸਰ ਪਹੁੰਚੇਗੀ।

ਕਾਮਰਾ ਨੇ ਦੱਸਿਆ ਕਿ ਦਿਨ ਵੇਲੇ ਗੋਆ ਦੇ ਹਵਾਈ ਅੱਡੇ ‘ਤੇ ਸਲਾਟ ਦੀਆਂ ਮੁਸ਼ਕਲਾਂ ਕਾਰਨ, ਏਅਰਲਾਈਨ ਨੇ ਰੈੱਡ-ਆਈ (ਦੇਰ ਰਾਤ) ਦਾ ਸਮਾਂ ਉਡਾਣ ਦੇ ਸੰਚਾਲਨ ਲਈ ਚੁਣਿਆ ਹੈ। ਅਸੀਂ ਏਅਰਲਾਈਨਜ਼ ਦੇ ਨਾਲ-ਨਾਲ ਗੋਆ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਟਕਰ ਨੂੰ ਇਸ ਉਡਾਣ ਦੇ ਸਮੇਂ ਦੀ ਸਮੀਖਿਆ ਕਰਨ ਲਈ ਬੇਨਤੀ ਕੀਤੀ ਸੀ। ਗੋਆ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਗਗਨ ਮਲਿਕ ਨਾਲ ਮਾਮਲੇ ਦੀ ਪੈਰਵੀ ਕਰਨ ‘ਤੇ, ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਗੋਆ ਹਵਾਈ ਅੱਡੇ ‘ਤੇ ਲੈਂਡਿੰਗ/ਟੇਕ-ਆਫ ਸਲਾਟ ਦਿਨ ਵੇਲੇ ਨਵੇਂ ਸੈਕਟਰਾਂ ਨੂੰ ਚਲਾਉਣ ਲਈ ਏਅਰਲਾਈਨਾਂ ਕੋਲ ਉਪਲੱਬਧ ਨਹੀਂ ਹਨ। 

ਕਾਮਰਾ ਦੇ ਅਨੁਸਾਰ, ਇਸ ਸੈਕਟਰ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਅਤੇ ਅੰਮ੍ਰਿਤਸਰ ਦੀ ਸੈਰ-ਸਪਾਟਾ ਆਰਥਿਕਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ।  ਗੋਆ ਨਾ ਸਿਰਫ ਘਰੇਲੂ ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਸਗੋਂ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦਾ ਹੈ, ਖਾਸ ਕਰਕੇ ਯੂਰਪ ਅਤੇ ਰੂਸ ਤੋਂ। ਇਨ੍ਹਾਂ ਸਿੱਧੀਆਂ ਉਡਾਣਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਵਿਸ਼ੇਸ਼ ਛੋਟਾਂ, ਪ੍ਰੋਤਸਾਹਨ ਸਕੀਮਾਂ ਅਤੇ ਪ੍ਰਚਾਰ ਗਤੀਵਿਧੀਆਂ ਰਾਹੀਂ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। 

ਉਹਨਾਂ ਕਿਹਾ ਚੰਡੀਗੜ੍ਹ ਹਵਾਈ ਅੱਡਾ ਉਨ੍ਹਾਂ ਏਅਰਲਾਈਨਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਨਵੇਂ ਸੈਕਟਰਾਂ ਨੂੰ ਸੰਚਾਲਿਤ ਕਰਦੀਆਂ ਹਨ, ਖਾਸ ਤੌਰ ‘ਤੇ ਅੱਧੀ ਰਾਤ ਨੂੰ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਹਵਾਈ ਅੱਡੇ ਤੋਂ ਬਹੁਤ ਸਾਰੀਆਂ ਉਡਾਣਾਂ ਸ਼ੁਰੂ ਹੋਈਆਂ ਹਨ। ਜੇਕਰ ਪੰਜਾਬ ਸਰਕਾਰ ਅਜਿਹੀ ਪਹਿਲਕਦਮੀ ਦੀ ਯੋਜਨਾ ਬਣਾਵੇ ਤਾਂ ਇਸ ਪ੍ਰੋਗਰਾਮ ਦੇ ਨਤੀਜੇ ਵਜੋਂ ਨਵੀਆਂ ਉਡਾਣਾਂ ਹੀ ਨਹੀਂ ਬਲਕਿ ਵੱਡੀ ਗਿਣਤੀ ਵਿੱਚ ਸੈਰ ਸਪਾਟਾ ਦੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਗੋਆ, ਦੋਵੇਂ ਸੈਰ-ਸਪਾਟਾ ਦੇ ਸਥਾਨ ਹਨ, ਜਿੱਥੇ ਨਾ ਸਿਰਫ ਭਾਰਤ ਤੋਂ ਸਗੋਂ ਦੂਜੇ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੈਲਾਨੀ ਆਓਂਦੇ ਹਨ। ਅਮਰੀਕਾ ਦੇ ਵਸਨੀਕ ਗੁਮਟਾਲਾ ਨੇ ਕਿਹਾ ਕਿ ਜਦੋਂ ਪ੍ਰਵਾਸੀ ਪੰਜਾਬੀ ਪੰਜਾਬ ਆਉਂਦੇ ਹਨ, ਤਾਂ ਉਹ ਸਾਰੇ ਭਾਰਤ ਦੇ ਸਮੁੰਦਰੀ ਕਿਨਾਰਿਆਂ ਜਿਵੇਂ ਕਿ ਗੋਆ ‘ਤੇ ਜਾਣ ਦੀ ਇੱਛਾ ਪ੍ਰਗਟ ਕਰਦੇ ਹਨ, ਅਤੇ ਪੰਜਾਬ ਤੋਂ ਇਹ ਸਿੱਧੀ ਉਡਾਣ ਉਨ੍ਹਾਂ ਨੂੰ ਲਗਭਗ ਤਿੰਨ ਘੰਟਿਆਂ ਵਿੱਚ ਸਮੁੰਦਰੀ ਕਿਨਾਰੇ ਪਹੁੰਚਾ ਦੇਵੇਗੀ।

ਗੁਮਟਾਲਾ ਨੇ ਕਿਹਾ ਕਿ ਬੀ.ਆਰ.ਟੀ.ਐਸ. ਤਹਿਤ ਸ਼ੁਰੂ ਕੀਤੀ ਏਅਰਪੋਰਟ ਤੋਂ ਦਰਬਾਰ ਸਾਹਿਬ ਤੱਕ ਬੱਸ ਸੇਵਾ ਬਿਨਾਂ ਕਿਸੇ ਦੇਰੀ ਦੇ ਮੁੜ ਸ਼ੁਰੂ ਕੀਤੀ ਜਾਵੇ। ਉਨ੍ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਹਵਾਈ ਅੱਡੇ ਨੂੰ ਤੁਰੰਤ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੋਂ ਬੱਸ ਸੇਵਾ ਨਾਲ ਜੋੜਿਆ ਜਾਵੇ।

ਫਲਾਈ ਅਮ੍ਰਿਤਸਰ ਟੀਮ ਦੇ ਮੈਂਬਰ ਅਤੇ ਹਵਾਬਾਜ਼ੀ ਵਿੱਚ ਰੁਚੀ ਰੱਖਣ ਵਾਲੇ ਸਤਜਿੱਤ ਗੁਪਤਾ ਨੇ ਕਿਹਾ, “ਇਹ ਫਲਾਈਟ ਬੇਂਗਲੁਰੂ, ਚੇਨਈ ਅਤੇ ਹੈਦਰਾਬਾਦ ਤੋਂ ਗੋਆ ਦੇ ਰਸਤੇ ਅੰਮ੍ਰਿਤਸਰ ਤੱਕ ਸੁਵਿਧਾਜਨਕ ਇੱਕ ਤਰਫਾ ਸੰਪਰਕ ਵੀ ਪ੍ਰਦਾਨ ਕਰੇਗੀ। ਕਿਉਂਕਿ ਸਰਦੀਆਂ ਗੋਆ ਦੀ ਯਾਤਰਾ ਲਈ ਸਿਖਰ ਦਾ ਮੌਸਮ ਹੁੰਦਾ ਹੈ, ਇਸ ਲਈ ਇਸ ਉਡਾਣ ਨੂੰ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ।

Share post on:

Leave a Reply

This site uses Akismet to reduce spam. Learn how your comment data is processed.