By , Published on February 3rd, 2020 in News

ਗੁਰੂ ਨਗਰੀ ਨੂੰ ਸਿੱਧਾ ਬੈਂਕਾਕ ਰਾਹੀਂ ਨਿਉਜ਼ੀਲੈਂਡ, ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨਾਲ ਜੋੜਣ ਸੰਬੰਧੀ ਗੱਲਬਾਤ

ਸਮੀਪ ਸਿੰਘ ਗੁਮਟਾਲਾ ਅਤੇ ਯੋਗੇਸ਼ ਕਾਮਰਾ ਭਾਰਤ ਦੀ ਘਰੇਲੂ ਏਅਰਲਾਈਨ ਸਟਾਰ ਏਅਰ ਦੇ ਸੀ.ਈ.ਓ ਸਿਮਰਨ ਸਿੰਘ ਟਿਵਾਣਾ ਦੇ ਨਾਲ

ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ, ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ ਦੀ ਅਗਵਾਈ ਵਿਚ ਵਫਦ ਨੇ ਬੀਤੇ ਦਿਨੀ ਸਟਾਰ ਏਅਰ ਇੰਡੀਆ, ਥਾਈ ਏਅਰਵੇਜ਼, ਥਾਈ ਸਮਾਈਲ ਅਤੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਦਿੱਲੀ ਅਤੇ ਬੰਗਲੋਰ ਵਿਖੇ ਮੁਲਾਕਾਤ ਕੀਤੀ।

ਪ੍ਰੈਸ ਨੂੰ ਜਾਰੀ ਬਿਆਨ ਵਿਚ ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਹਨਾਂ ਮੀਟਿੰਗਾਂ ਵਿਚ ਉਹਨਾਂ ਵਲੋਂ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ, ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਏਅਰਪੋਰਟ ਅਤੇ ਯਾਤਰੀਆਂ ਦੀ ਗਿਣਤੀ ਬਾਰੇ ਅਧਿਕਾਰੀਆਂ ਨੂੰ ਵਿਸਥਾਰਤ ਅੰਕੜੇ ਪੇਸ਼ ਕੀਤੇ।

ਅੰਮ੍ਰਿਤਸਰ ਨੂੰ ਸਿੱਧੀਆਂ ਥਾਈਲੈਂਡ ਦੇ ਸ਼ਹਿਰ ਬੈਂਕਾਕ ਨਾਲ ਜੋੜਣ ਲਈ ਇਹ ਆਗੂ ਦਿੱਲੀ ਵਿਖੇ ਥਾਈ ਏਅਰਵੇਜ਼ ਦੇ ਅਧਿਕਾਰੀਆਂ ਨਾਲ ਵੀ ਮਿਲੇ। ਥਾਈ ਏਅਰ ਕੰਪਨੀ ਬੈਂਕਾਕ ਤੋਂ ਆਸਟਰੇਲੀਆ ਅਤੇ ਨਿਉਜ਼ੀਲੈਂਡ ਦੇ ਕਈ ਸ਼ਹਿਰਾਂ ਮੈਲਬੋਰਨ, ਸਿਡਨੀ, ਆਕਲੈਂਡ, ਕਰਾਈਸਟਚਰਚ ਆਦਿ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ। ਉਹਨਾਂ ਏਅਰ ਏਸ਼ੀਆ ਐਕਸ, ਸਕੂਟ ਅਤੇ ਮਲੀਨਡੋ ਏਅਰ ਵਲੋਂ ਅੰਮ੍ਰਿਤਸਰ ਤੋਂ ਸਿੱਧੀਆਂ ਕੁਆਲਾਲੰਪੁਰ ਅਤੇ ਸਿੰਘਾਪੁਰ ਲਈ ਚਲਾਈਆਂ ਜਾ ਰਹੀਆਂ ਉਡਾਣਾਂ ਅਤੇ ਇਹਨਾਂ ਉਡਾਣਾਂ ਤੇ ਪੰਜਾਬੀ ਕਿਹੜੇ ਕਿਹੜੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਆ ਰਹੇ ਹਨ ਬਾਰੇ ਅੰਕੜੇ ਸਾਂਝੇ ਕੀਤੇ।

ਬੈਂਕਾਕ ਦੁਨੀਆ ਦੇ ਵੱਡੇ ਟੁਰਿਸਟ ਅਤੇ ਵਪਾਰਕ ਸ਼ਹਿਰਾਂ ਵਿਚ ਸ਼ਾਮਲ ਹੈ। ਪੰਜਾਬ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਉੱਥੇ ਘੁੰਮਣ ਫਿਰਨ ਅਤੇ ਵਪਾਰ ਸੰਬੰਧੀ ਜਾਂਦੇ ਹਨ। ਇਸ ਸਿੱਧੀ ਉਡਾਣ ਨਾਲ ਨਾ ਸਿਰਫ ਪੰਜਾਬ ਤੋਂ ਵਪਾਰੀਆਂ ਨੂੰ ਲਾਭ ਮਿਲੇਗਾ ਬਲਕਿ ਅੰਮ੍ਰਿਤਸਰ ਜੋ ਕਿ ਇਕ ਵੱਡਾ ਟੁਰਿਸਟ  ਹੈ, ਬੈਂਕਾਕ ਰਾਹੀਂ ਹੋਰਨਾਂ ਸ਼ਹਿਰਾਂ ਅਤੇ ਮੁਲਕਾਂ ਨਾਲ ਜੁੜ ਜਾਵੇਗਾ।

ਗੁਮਟਾਲਾ ਅਤੇ ਕਾਮਰਾ ਨੇ ਬੰਗਲੋਰ ਵਿਖੇ ਵੀ ਏਅਰ ਏਸ਼ੀਆ ਦੇ ਦਫਤਰ ਵਿਖੇ ਅਧਿਕਾਰੀਆਂ ਨਾਲ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਕੁਆਲਾਲੰਪੁਰ ਲਈ ਚਲ ਰਹੀ ਉਡਾਣ ਸੰਬੰਧੀ ਅਤੇ ਏਅਰ ਏਸ਼ੀਆ ਨੂੰ ਅੰਮ੍ਰਿਤਸਰ ਤੋਂ ਬੈਂਕਾਕ, ਦਿੱਲ਼ੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਗੱਲਬਾਤ ਕੀਤੀ।

ਸਮੀਪ ਸਿੰਘ ਗੁਮਟਾਲਾ, ਯੋਗੇਸ਼ ਕਾਮਰਾ ਬੰਗਲੋਰ ਵਿਖੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ

ਉਹਨਾਂ ਨੇ ਏਅਰ ਏਸ਼ੀਆ ਦੀ ਅਗਸਤ 2018 ਤੋਂ ਚਲ ਰਹੀ ਇਸ ਉਡਾਣ ਲਈ ਏਅਰ ਏਸ਼ੀਆ ਦਾ ਧੰਨਵਾਦ ਕੀਤਾ। ਇਹਨਾਂ ਆਗੂਆਂ ਨੇ ਖੁਸ਼ੀ ਜਾਹਰ ਕੀਤੀ ਕਿ ਇਹ ਉਡਾਣ ਜੋ ਕਿ ਫਲਾਈ ਅੰਮ੍ਰਿਤਸਰ ਦੇ ਉਪਾਰਲੇ ਸਦਕਾ ਅਗਸਤ 2018 ਵਿਚ ਸ਼ੁਰੂ ਹੋਈ, ਸਫਲਤਾ ਪੂਰਵਕ ਪੰਜਾਬੀਆਂ ਨੂੰ ਕੁਆਲਾਲੰਪੁਰ ਰਾਹੀਂ ਆਸਟਰੇਲੀਆ, ਮਲੇਸ਼ੀਆ, ਥਾਈਲੈਂਡ, ਤੇ ਕਈ ਹੋਰਨਾਂ ਦੇਸ਼ਾਂ ਨਾਲ ਜੋੜ ਰਹੀ ਹੈ ਤੇ ਉਹਨਾ ਦਾ ਸਫਰ ਬਹੁਤ ਹੀ ਸੁਖਾਲਾ ਹੋ ਗਿਆ ਹੈ। ਫਲਾਈ ਅੰਮ੍ਰਿਤਸਰ ਦੇ ਆਗੂਆਂ ਨੂੰ ਉਮੀਦ ਹੈ ਕਿ 2020 ਵਿਚ ਅੰਮ੍ਰਿਤਸਰ ਫਿਰ ਤੋਂ ਬੈਂਕਾਕ ਨਾਲ ਜੁੜ ਸਕੇਗਾ।

ਉਹਨਾਂ ਨੇ ਦਿੱਲੀ ਵਿਖੇ ਭਾਰਤ ਦੀ ਹਵਾਈ ਕੰਪਨੀ ਸਟਾਰ ਏਅਰ ਦੇ ਸੀ.ਈ.ਓ. ਸ. ਸਿਮਰਨ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਅਤੇ ਅੰਮ੍ਰਿਤਸਰ ਨੂੰ ਅਹਿਮਦਾਬਾਦ ਅਤੇ ਹੋਰਨਾ ਹਵਾਈ ਅੱਡਿਆਂ ਨਾਲ ਜੋੜਣ ਬਾਰੇ ਤੱਥ ਪੇਸ਼ ਕੀਤੇ। ਸਟਾਰ ਏਅਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਉਡਾਣ ਯੋਜਨਾ ਦੇ ਤਹਿਤ ਕਈ ਰੂਟਾਂ ਤੇ ਉਡਾਣਾਂ ਦੀ ਸ਼ੁਰੂਆਤ ਕਰ ਰਹੀ ਹੈ।

ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਫਲਾਈ ਅੰਮ੍ਰਿਤਸਰ ਦੇ ਨਾਲ ਪ੍ਰਸਿਧ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ਼ਹਿਰੀ ਹਵਾਬਾਜੀ ਮੰਤਰੀ ਸ਼੍ਰੀ ਜੈਅੰਤ ਸਿਨਹਾ ਨਾਲ ਅੰਮ੍ਰਿਤਸਰ ਨੂੰ “ਉਡਾਣ-3” ਸਕੀਮ ਵਿਚ ਸ਼ਾਮਲ ਕਰਨ ਸੰਬੰਧੀ ਦਿੱਲੀ ਵਿਖੇ ਮੀਟਿੰਗ ਕੀਤੀ ਸੀ। ਇਸ ਉਪਰੰਤ ਸਪਾਈਸ ਜੈਟ ਵਲੋਂ ਅੰਮ੍ਰਿਤਸਰ ਤੋਂ ਜੈਪੁਰ ਅਤੇ ਇੰਡੀਗੋ ਵਲੋਂ ਸਿੱਧੀਆਂ ਕੋਲਕਤਾ ਲਈ ਚਲ ਰਹੀਆਂ ਉਡਾਣਾਂ ਵੀ “ਉੜੇ ਦੇਸ਼ ਕਾ ਆਮ ਨਾਗਰਿਕ” ਸਕੀਮ ਤਹਿਤ ਹੀ ਸ਼ੁਰੂ ਕੀਤੀਆਂ ਗਈਆਂ ਹਨ।

ਫਲਾਈ ਅੰਮ੍ਰਿਤਸਰ ਤੋਂ ਸਮੀਪ ਸਿੰਘ ਗੁਮਟਾਲਾ ਅਤੇ ਯੋਗੇਸ਼ ਕਾਮਰਾ ਏਅਰ ਏਸ਼ੀਆ ਦੇ ਸੁਰੇਸ਼ ਨਾਇਰ ਤੇ ਫਲਾਈ ਦੁਬਈ ਤੋਂ ਪ੍ਰਾਣ ਦਾਸਨ ਦੇ ਨਾਲ

Share post on:

Leave a Reply

This site uses Akismet to reduce spam. Learn how your comment data is processed.