By , Published on June 10th, 2022 in News

ਬੀਤੇ ਦਿਨੀਂ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦਾ ਇੱਕ ਬਿਆਨ ਆਇਆ ਕਿ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤੀਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕਰਕੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਆਦਮਪੁਰ ਹਵਾਈ ਅੱਡੇ ਨੂੰ ਮੁੜ ਚਾਲੂ ਕਰਾਉਣ ਦੀ ਵੀ ਮੰਗ ਕੀਤੀ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਸੋਮ ਪ੍ਰਕਾਸ਼  ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ,ਕੈਨੇਡਾ, ਇਟਲੀ, ਜਰਮਨ  ਆਦਿ ਮੁਲਕਾਂ ਲਈ ਉਡਾਣਾਂ ਸ਼ੁਰੂ ਕਰਾਉਣ ਅਤੇ ਵਿਦੇਸ਼ੀ ਏਅਰਲਾਈਨ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰ ਸਕਣ ਲਈ ਆਗਿਆ ਦਿਵਾਉਣ ਦੀ ਅਪੀਲ ਕੀਤੀ ਹੈ।

ਗੁਮਟਾਲਾ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ  ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਆਦਿ ਦੇਸ਼ਾਂ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅੰਮ੍ਰਿਤਸਰ ਨੂੰ ਅਣਗੋਲਿਆਂ ਕਰਨ ‘ਤੇ ਚਿੰਤਾਂ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਹੁਣ ਕੇਂਦਰੀ ਮੰਤਰੀ ਵਲੋਂ ਵੀ ਅੰਮ੍ਰਿਤਸਰ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਹਵਾਈ ਅੱਡਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਤੇ ਇਸ ਦੀ ਪੱਟੜੀ ਵੀ 12 ਹਜ਼ਾਰ ਫੁੱਟ ਤੋਂ ਵੱਧ ਹੈ। ਇਹੋ ਕਾਰਨ ਹੈ ਕਿ ਜਦ ਦਿੱਲੀ ਹਵਾਈ ਅੱਡੇ ਦਾ ਮੌਸਮ ਬਹੁਤ ਖਰਾਬ ਹੁੰਦਾ ਹੈ ਤਾਂ ਹਵਾਈ ਜਹਾਜ਼ਾਂ ਨੂੰ ਇੱਥੇ ਉਤਾਰਿਆ ਜਾਂਦਾ ਹੈ। ਅੰਮ੍ਰਿਤਸਰ ਹਵਾਈ ਅੱਡਾ ਸਰਕਾਰੀ ਹੋਣ ਕਰਕੇ ਇਸ ਨਾਲ ਵਿਤਕਰਾ ਹੋ ਰਿਹਾ ਹੈ। ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਣ ਵਾਲਿਆਂ ਵਿੱਚੋਂ 40 ਪ੍ਰਤੀਸ਼ਤ ਪੰਜਾਬੀ ਹੁੰਦੇ ਹਨ। ਬਹੁਤ ਸਾਰੀਆਂ ਵਿਦੇਸ਼ੀ ਏਅਰ ਲਾਈਨਾਂ, ਖਾਸ ਕਰਕੇ ਖਾੜੀ ਮੁਲਕਾਂ ਤੋਂ ਇੱਥੇ ਆਉਣਾ ਚਾਹੁੰਦੀਆਂ ਹਨ, ਪਰ ਭਾਰਤ ਸਰਕਾਰ ਦੁਵੱਲੇ ਹਵਾਈ ਸਮਝੋਤਿਆਂ ਵਿੱਚ ਇਨ੍ਹਾਂ ਨੂੰ ਆਗਿਆ ਨਹੀਂ ਦੇ ਰਹੀ।

ਮੰਚ ਆਗੂ ਨੇ ਮੰਤਰੀ ਜੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਹੁਸ਼ਿਆਰਪੁਰ ਲੋਕ ਸਭਾ ਦੀ ਸੀਟ ਦੀ ਨੁਮਇੰਦਗੀ ਕਰਦੇ ਹਨ ਜੋ ਕਿ ਪੰਜਾਬ ਵਿਚ ਹੈ, ਇਸ ਲਈ ਜੇ ਉਹ ਵਾਕਿਆ ਹੀ ਪੰਜਾਬੀਆਂ ਦੀ ਖ਼ਜ਼ਲ-ਖੁਆਰੀ ਤੋਂ ਫਿਕਰਮੰਦ ਹਨ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਅਮਰੀਕਾ, ਕੈਨੇਡਾ, ਇਟਲੀ, ਜਰਮਨ ਆਦਿ ਮੁਲਕਾਂ ਨੂੰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣੀਆਂ ਚਾਹੀਦੀਆਂ ਹਨ। ਵਿਦੇਸ਼ੀ ਏਅਰਲਾਈਨਾਂ ਨੂੰ ਆਗਿਆ ਦਿਵਾਉਣੀ ਚਾਹੀਦੀ ਹੈ। ਹੁਣ ਮੰਤਰੀ ਨਿਤਿਨ ਗਦਕਰੀ ਨੇ ਹਾਈਵੇ ਬਹੁਤ ਵਧੀਆ ਬਣਾ ਦਿੱਤੇ ਹਨ ਅਤੇ ਐਕਸਪ੍ਰੈਸਵੇ ਤੇ ਵੀ ਕੰਮ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਬਠਿੰਡਾ, ਜਲੰਧਰ, ਲੁਧਿਆਣਾ ਆਦਿ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਬਹੁਤ ਹੀ ਘੱਟ ਸਮੇਂ ਵਿੱਚ ਪਹੁੰਚਿਆ ਜਾ ਸਕਦਾ ਹੈ।

ਉਨ੍ਹਾਂ ਨੇ ਮੰਤਰੀ ਜੀ ਨੂੰ ਯਾਦ ਦੁਆਇਆ ਕਿ ਉਨ੍ਹਾਂ ਤੋਂ ਪਹਿਲਾਂ ਸ੍ਰੀ ਵਿਜੇ ਸਾਪਲਾ ਜੀ ਇਸ ਸੀਟ ਦੀ ਨੁੰਮਾਇਦਗੀ ਕਰਦੇ ਸਨ ਤਾਂ ਉਨ੍ਹਾਂ ਨੇ ਹੁਸ਼ਿਆਰਪੁਰ ਵਿਚ ਮੰਚ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਦ ਮੰਚ ਦੇ ਇਕ ਡੈਪੁਟੇਸ਼ਨ ਦੀ ਸ਼ਹਿਰੀ ਹਵਾਬਾਜੀ ਮੰਤਰੀ ਤੇ ਕੇਂਦਰੀ ਸੈਰ ਸਪਾਟਾ ਮੰਤਰੀ ਨਾਲ ਮੀਟਿੰਗ ਕਰਵਾਈ ਸੀ ਜਿਸ ਦੇ ਸਿੱਟੇ ਵਜੋਂ ਅੰਮ੍ਰਿਤਸਰ ਅੱਡੇ ਨੂੰ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈ “ਉੜੇ ਦੇਸ਼ ਕਾ ਆਮ ਨਾਗਰਿਕ (ਉੜਾਣ) ਸਕੀਮ” ਵਿੱਚ ਸ਼ਾਮਲ ਕੀਤਾ ਗਿਆ ਜਿਸ ਨਾਲ ਦੇਸ਼ ਦੇ ਵੱਖ ਵੱਖ ਸ਼ਹਿਰਾਂ ਨੂੰ ਨਵੀਆਂ ਉਡਾਣਾਂ ਸ਼ੁਰੂ ਹੋਈਆਂ ਅਤੇ ਬਰਮਿੰਘਮ ਲਈ ਵੀ ਉਡਾਣ ਸ਼ੁਰੂ ਹੋਈ। ਗੁਮਟਾਲਾ ਨੇ ਉਹਨਾਂ ਨੁੰ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਸਮਾਂ ਦੇਣ ਦੀ ਵੀ ਗੁਜਾਰਿਸ਼ ਕੀਤੀ।

Share post on:

Leave a Reply

This site uses Akismet to reduce spam. Learn how your comment data is processed.