By admin, Published on August 12th, 2021 in News
ਅਗਸਤ 12: ਯੂਕੇ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਲਈ ਵੱਡੀ ਰਾਹਤ ਵਜੋਂ, ਏਅਰ ਇੰਡੀਆ 16 ਅਗਸਤ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੇ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰੇਗੀ। ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫਤੇ, ਇਕ ਸਿੱਧੀ ਉਡਾਣ ਚਲਾਏਗੀ। ਇਹਨਾਂ ਉਡਾਣਾਂ ਨੂੰ ਯੂਕੇ ਸਰਕਾਰ ਵਲੋਂ 8 ਅਗਸਤ ਤੋਂ ਭਾਰਤ ਦਾ ਨਾਮ ‘ਲਾਲ’ ਸੂਚੀ ਤੋਂ ਹਟਾ ਕੇ ਇਸਨੂੰ ‘ਏਂਬਰ’ ਸੂਚੀ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12;30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਨੂੰ ਮੰਗਲਵਾਰ 1:10 ਵਜੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਸਵੇਰੇ 3:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।
ਇਸ ਸਿੱਧੀ ਉਡਾਣ ਦੇ ਮੁੜ ਸ਼ੁਰੂ ਕੀਤੇ ਜਾਣ ਦਾ ਸਵਾਗਤ ਕਰਦਿਆਂ ਗੁਮਟਾਲਾ ਨੇ ਕਿਹਾ, “ਕੋਵਿਡ ਪਾਬੰਦੀਆਂ ਕਾਰਨ ਪੰਜਾਬ ਵਿੱਚ ਫਸ ਗਏ ਹਜ਼ਾਰਾਂ ਯੂਕੇ ਵਾਸੀ, ਵਿਦਿਆਰਥੀਆਂ ਅਤੇ ਹੋਰਨਾਂ ਯਾਤਰੀਆਂ ਲਈ ਇਹ ਉਡਾਣਾਂ ਬਹੁਤ ਸਹਾਈ ਹੋਣਗੀਆਂ ਅਤੇ ੳੇਹਨਾਂ ਨੂੰ ਦਿੱਲੀ ਰਾਹੀਂ ਜਾਣ ਦੀ ਬਜਾਏ, ਪੰਜਾਬ ਜਾਂ ਯੂਕੇ ਪਹੁੰਚਣ ਵਿਚ ਬਹੁਤ ਘੱਟ ਸਿਰਫ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ। ਸਾਨੂੰ ਆਸ ਹੈ ਕਿ ਸਥਿਤੀ ਵਿੱਚ ਹੋਰ ਸੁਧਾਰ ਆਓਣ ਅਤੇ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਨਾਲ ਏਅਰ ਇੰਡੀਆ ਆਪਣੀ ਅੰਮ੍ਰਿਤਸਰ – ਬਰਮਿੰਘਮ ਸਿੱਧੀ ਉਡਾਣ ਨੂੰ ਵੀ ਮੁੜ ਸ਼ੁਰੂ ਕਰੇਗੀ।”
ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਏਅਰ ਇੰਡੀਆ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਿੱਧੀ ਉਡਾਣ ਨਾਲ ਇਸ ਖੇਤਰ ਦੇ ਉਦਯੋਗਾਂ ਅਤੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ, ਕਿਉਂਕਿ ਉਹ ਸਿੱਧਾ ਅੰਮ੍ਰਿਤਸਰ ਤੋਂ ਹੀ ਆਪਣਾ ਮਾਲ ਕਾਰਗੋ ਰਾਹੀਂ ਯੂਕੇ ਭੇਜ ਸਕਣਗੇ। ਸੇਵਾ ਟਰੱਸਟ ਅਤੇ ਅੰਮ੍ਰਿਤਸਰ ਵਿਕਾਸ ਮੰਚ 2018 ਤੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀਆਂ ਉਡਾਣਾਂ ਦੀ ਸਾਂਝੀ ਮੁਹਿੰਮ ਨੂੰ ਚਲਾ ਰਹੇ ਹਨ।
ਸੇਖੋਂ ਨੇ ਕਿਹਾ ਕਿ ਭਾਈਚਾਰੇ ਦੀ ਲੰਡਨ ਲਈ ਉਡਾਣਾਂ ਦੀ ਮੰਗ ਅੰਸ਼ਕ ਤੌਰ ਤੇ ਨਵੰਬਰ 2019 ਵਿੱਚ ਗੁਰੁ ਨਾਨਕ ਦੇਵ ਜੀ ਦੇ 550 ਵੇਂ ਗੁਰਪੂਰਬ ਦੇ ਸਮਾਗਮਾਂ ’ਤੇ ਪੂਰੀ ਹੋਈ ਜਦ ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਦੇ ਸੈਨਸਟੈਡ ਏਅਰਪੋਰਟ ਲਈ ਤਿੰਨ ਹਫਤਾਵਾਰੀ ਉਡਾਣਾਂ ਸ਼ੁਰੂ ਕੀਤੀਆਂ। ਇਸ ਦੇ ਬਾਵਜੂਦ ਅਸੀਂ ਲੰਡਨ ਹੀਥਰੋ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰ ਰਹੇ ਹਾਂ ਕਿਉਂਕਿ ਪੰਜਾਬੀਆਂ ਦੀ ਬਹੁਗਿਣਤੀ ਹੀਥਰੋ ਦੇ ਨੇੜੇ ਵੀ ਰਹਿੰਦੀ ਹੈ ਜਿਸ ਵਿਚ ਕਾਰੋਬਾਰੀ ਵਰਗ ਦੇ ਯਾਤਰੀਆਂ ਦੀ ਵੀ ਵੱਡੀ ਗਿਣਤੀ ਹੈ।
ਪਿਛਲੇ ਦਸੰਬਰ ਵਿੱਚ ਯੂਕੇ ਵਿੱਚ ਕੋਵਿਡ ਦੇ ਵਧਣ ਤੋਂ ਬਾਦ, ਭਾਰਤ ਨੇ ਦੋਵਾਂ ਦੇਸ਼ਾਂ ਦਰਮਿਆਣ ਉਡਾਣਾਂ ਨੁੰ ਸੀਮਤ ਕਰ ਦਿੱਤਾ ਸੀ ਜਿਸ ਕਾਰਨ ਅੰਮ੍ਰਿਤਸਰ ਤੋਂ ਲੰਡਨ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਸ ਸਾਲ 23 ਅਪ੍ਰੈਲ ਤੋਂ ਯੂਕੇ ਨੇ ਭਾਰਤ ਨੂੰ ਦੂਜੀ ਕੋਵਿਡ ਲਹਿਰ ਦੇ ਕਾਰਨ ਲਾਲ ਸੂਚੀ ਵਿੱਚ ਰੱਖਿਆ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਯੂਕੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ।
1,069 total views
Leave a Reply