By , Published on April 19th, 2021 in Blog, News

ਵੱਲੋਂ: ਰਵਰੀਤ ਸਿੰਘ

ਅੰਮ੍ਰਿਤਸਰ ਅਤੇ ਇਟਲੀ ਦਰਮਿਆਨ ਸਿੱਧੀਆਂ ਉਡਾਣਾਂ ਨੂੰ ਮਿਲੇ ਵੱਡੇ ਹੁੰਗਾਰੇ ਤੇ ਵਧੇਰੇ ਸਿੱਧੀਆਂ ਉਡਾਣਾਂ ਦੀ ਵੱਧਦੀ ਮੰਗ ਦੇ ਨਾਲ, ਭਾਰਤੀ ਏਅਰਲਾਈਨ ਸਪਾਈਸਜੈੱਟ ਵੱਲੋਂ ਹੁਣ ਆਪਣਾ ਕਿਰਾਏ ਤੇ ਲਿਆ ਹੋਇਆ ਵੱਡਾ ਏਅਰਬਸ ਕੰਪਨੀ ਏ330ਨੀਓ ਜਹਾਜ਼ ਅੰਮ੍ਰਿਤਸਰ ਅਤੇ ਇਟਲੀ ਦੇ ਰੋਮ ਅਤੇ ਮਿਲਾਨ ਦਰਮਿਆਨ ਵਿਸ਼ੇਸ਼ ਚਾਰਟਰ ਉਡਾਣਾਂ ਲਈ ਵਰਤਿਆ ਜਾ ਰਿਹਾ ਹੈ।

ਇਸ ਜਹਾਜ ਦੇ ਨਾਲ, ਸਪਾਈਸਜੈੱਟ ਇਟਲੀ ਅਤੇ ਅੰਮ੍ਰਿਤਸਰ ਦਮਿਆਨ ਹੁਣ ਬਿਨਾਂ ਰਸਤੇ ਵਿੱਚ ਰੁਕੇ ਸਿੱਧੀਆਂ ਉਡਾਣਾਂ ਚਲਾ ਰਹੀ ਹੈ। ਇਸ ਜਹਾਜ਼ ਵਿੱਚ 18 ਬਿਜ਼ਨਸ ਅਤੇ 353 ਏਕੋਨੌਮੀ ਸ਼੍ਰੇਣੀ ਦੀਆਂ ਸੀਟਾਂ ਹਨ।

ਸਰੋਤ: ਟਵੀਟਰ @hifly_airline

ਇਸ ਤੋਂ ਪਹਿਲਾਂ ਸਪਾਈਸ ਜੈੱਟ ਨੇ ਪਿਛਲੇ ਸਾਲ ਦੇ ਅਖੀਰ ਅਕਤੂਬਰ ਮਹੀਨੇ ਤੋਂ, ਕਿਰਾਏ ਤੇ ਲਏ ਗਏ ਆਪਣੇ ਏਅਰਬਸ ਏ321 ਜਹਾਜ਼ ਨਾਲ, ਇਟਲੀ ਦੇ ਮਿਲਾਨ ਤੇ ਰੋਮ ਅਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ। ਲੀਜ਼ ਤੇ ਲਿਆ ਹੋਏ ਏ321 ਜਹਾਜ ਵਿੱਚ 220 ਏਕੋਨੌਮੀ ਸੀਟਾਂ ਸਨ।

ਫਲਾਈਟਰੇਡਾਰ24 ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਸਪਾਈਸਜੈੱਟ 2 ਤੋਂ 19 ਅਪ੍ਰੈਲ 2021 ਤੱਕ ਆਪਣੇ ਕਿਰਾਏ ਤੇ ਲਏ ਹੋਏ ਏ330 ਜਹਾਜ਼ ਦੀ ਵਰਤੋਂ ਕਰਕੇ, ਅੰਮ੍ਰਿਤਸਰ ਅਤੇ ਇਟਲੀ ਦੇ ਵਿਚਕਾਰ ਲਗਭਗ 16 ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਚੁੱਕੀ ਹੈ। ਸਪਾਈਸਜੈੱਟ ਇਹ ਵਿਸ਼ੇਸ਼ ਚਾਰਟਰ ਉਡਾਣਾਂ ਆਉਣ ਵਾਲੇ ਕੁੱਝ ਹੋਰ ਮਹੀਨਿਆਂ ਵਿੱਚ ਵੀ ਚਲਾਉਂਦੀ ਰਹੇਗੀ।

ਸਰੋਤ: FlightRadar24.com

ਸਪਾਈਸਜੈੱਟ ਤੋਂ ਇਲਾਵਾ, ਭਾਰਤ ਦੀ ਰਾਸ਼ਟਰੀ ਏਅਰਲਾਈਨ, ਏਅਰ ਇੰਡੀਆ ਆਪਣੇ ਵੰਦੇ ਭਾਰਤ ਮਿਸ਼ਨ (ਵੀਬੀਐਮ) ਅਧੀਨ ਆਧੁਨਿਕ ਬੋਇੰਗ 787-8 ਡ੍ਰੀਮਲਾਈਨਰ ਜਹਾਜ ਦੇ ਨਾਲ, ਅੰਮ੍ਰਿਤਸਰ ਅਤੇ ਰੋਮ, ਇਟਲੀ ਦਰਮਿਆਨ ਇਕ ਹਫਤਾਵਾਰੀ ਸਿੱਧੀ ਉਡਾਣ ਵੀ ਚਲਾ ਰਹੀ ਹੈ।

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ

ਸਤੰਬਰ 2020 ਤੋਂ ਹੁਣ ਤੱਕ ਤਕਰੀਬਨ 214 ਵਿਸ਼ੇਸ਼ ਉਡਾਣਾਂ ਅੰਮ੍ਰਿਤਸਰ ਅਤੇ ਇਟਲੀ ਦਰਮਿਆਨ ਭਾਰਤੀ ਹਵਾਈ ਕੰਪਨੀਆਂ ਦੁਆਰਾ ਚਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਪਾਈਸਜੈੱਟ, ਇੰਡੀਗੋ ਅਤੇ ਏਅਰ ਇੰਡੀਆ ਸ਼ਾਮਲ ਹਨ। ਇਸ ਵਿਚ ਅੰਮ੍ਰਿਤਸਰ ਤੋਂ ਇਟਲੀ ਲਈ ਰਵਾਨਗੀ ਅਤੇ ਆਮਦ ਸ਼ਾਮਲ ਹੈ।

ਕੁਝ ਟਰੈਵਲ ਏਜੰਸੀਆਂ ਦੁਆਰਾ ਜਾਰੀ ਕੀਤੇ ਗਏ ਕਾਰਜਕ੍ਰਮ ਅਨੁਸਾਰ, ਸਪਾਈਸਜੈੱਟ, ਏਅਰ ਇੰਡੀਆ ਅਤੇ ਇਥੋਂ ਤੱਕ ਕਿ ਇਟਲੀ ਦੀ ਏਅਰਲਾਈਨ ਐਲਇਟਾਲੀਆ ਦੁਆਰਾ 15 ਅਪ੍ਰੈਲ ਤੋਂ 31 ਮਈ, 2021 ਦੇ ਵਿਚਕਾਰ, ਅੰਮ੍ਰਿਤਸਰ ਅਤੇ ਇਟਲੀ ਦੇ ਵਿਚਕਾਰ ਲਗਭਗ 44 ਹੋਰ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀਆਂ ਹਨ।

 1,723 total views

Share post on:

Leave a Reply

This site uses Akismet to reduce spam. Learn how your comment data is processed.