By , Published on August 31st, 2021 in News

ਅੰਮ੍ਰਿਤਸਰ ਤੋਂ ਲੰਡਨ ਲਈ ਕਾਰਗੋ ਦਾ ਵਪਾਰ ਮੁੜ ਹੋਇਆ ਸ਼ੁਰੂ

ਭਾਰਤ ਅਤੇ ਯੂਕੇ ਵਿਚਕਾਰ ਉਡਾਣਾਂ ਦੀ ਵੱਡੀ ਮੰਗ ਨੂੰ ਮੁੱਖ ਰੱਖਦੇ ਹੋਏ ਏਅਰ ਇੰਡੀਆ 3 ਸਤੰਬਰ ਤੋਂ ਆਪਣੀ ਅੰਮ੍ਰਿਤਸਰ – ਬਰਮਿੰਘਮ ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ। ਯੂਕੇ ਸਰਕਾਰ ਵਲੋਂ 8 ਅਗਸਤ ਤੋਂ ਭਾਰਤ ਦਾ ਨਾਮ ‘ਲਾਲ’ ਸੂਚੀ ਤੋਂ ਹਟਾ ਕੇ ਇਸਨੂੰ ‘ਏਂਬਰ’ ਸੂਚੀ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਉਡਾਣਾਂ ਦੋਨਾਂ ਮੁਲਕਾਂ ਵਿਚਕਾਰ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ।

ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਹਰ ਹਫਤੇ ਵਿੱਚ ਇਕ ਸਿੱਧੀ ਉਡਾਣ 3 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਣ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨੀਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ।  ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।

ਸਰੋਤ: ਏਅਰ ਇੰਡੀਆ ਵੈਬਸਾਈਟ
ਸਮੀਪ ਸਿੰਘ ਗੁਮਟਾਲਾ

ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਨੇ 16 ਅਗਸਤ ਨੂੰ ਅੰਮ੍ਰਿਤਸਰ ਤੋਂ ਲੰਡਨ ਹੀਥਰੋ ਲਈ ਹਰ ਹਫਤੇ ਵਿੱਚ ਇਕ ਦਿਨ ਸਿੱਧੀ ਉਡਾਣ ਦੁਬਾਰਾ ਸ਼ੁਰੂ ਕੀਤੀ ਸੀ। ਯੂਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਨਾਲ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਯੁਕੇ ਲਈ ਕਾਰਗੋ ਵਪਾਰ ਮੁੜ ਸ਼ੁਰੂ ਹੋ ਗਿਆ ਹੈ। ਏਅਰਪੋਰਟ ਅਥਾਰਟੀ ਵੱਲੋਂ ਕੀਤੇ ਗਏ ਟਵੀਟ ਦੇ ਅਨੁਸਾਰ, 17 ਅਗਸਤ ਨੂੰ ਹੀਥਰੋ ਲਈ ਪਹਿਲੀ ਉਡਾਣ ਤੇ 6270 ਕਿੱਲੋ ਬੇਬੀ ਕੋਰਨ ਅਤੇ ਅੰਬ ਦਾ ਅਚਾਰ ਭੇਜਿਆ ਗਿਆ ਸੀ ਜੋ ਕਿ 24 ਅਗਸਤ ਦੀ ਉਡਾਣ ਵਿੱਚ ਵੱਧ ਕੇ 9100 ਕਿੱਲੋ ਹੋ ਗਿਆ, ਜਿਸ ਵਿੱਚ ਖੇਡਾਂ ਦਾ ਸਾਮਾਨ ਵੀ ਸ਼ਾਮਲ ਸੀ।

ਲੰਡਨ ਅਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ (ਐਨਜੀਓ) ਦੇ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ, “ਇਨ੍ਹਾਂ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਅਤੇ ਵਪਾਰੀਆਂ ਨੂੰ ਸਬਜ਼ੀਆਂ, ਫਲ, ਅਤੇ ਹੋਰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ। ਬਰਮਿੰਘਮ ਨਾਲ ਪੰਜਾਬ ਦਾ ਸਿੱਧਾ ਸੰਪਰਕ ਦਹਾਕਿਆਂ ਪੁਰਾਣੀ ਮੰਗ ਰਹੀ ਹੈ ਅਤੇ ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਇਸਨੂੰ ਮੁੜ ਪੂਰਾ ਕੀਤਾ ਹੈ। ਫਰਵਰੀ 2018 ਵਿੱਚ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਅਤੇ ਉਹਨਾਂ ਤੋਂ ਬਾਦ ਨਵੇਂ ਬਣੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਦੋਵਾਂ ਨੇ ਇਸ ਉਡਾਣ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ, ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਇਸ ਸੇਵਾ ਨੂੰ ਪਹਿਲ ਦੇ ਅਧਾਰ ਤੇ ਦੁਬਾਰਾ ਸ਼ੁਰੂ ਕਰਨ।”

ਯੋਗੇਸ਼ ਕਾਮਰਾ

ਕਾਮਰਾ, ਜੋ ਏਅਰਪੋਰਟ ਐਡਵਾਈਜ਼ਰੀ ਕਮੇਟੀ (ਏਏਸੀ) ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਏਅਰ ਇੰਡੀਆ ਦੀ ਹਾਲ ਹੀ ਵਿੱਚ ਲੰਡਨ ਹੀਥਰੋ ਲਈ ਸ਼ੁਰੂ ਹੋਈ ਉਡਾਣ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਇੱਥੋਂ ਕਾਰਗੋ ਵਪਾਰ ਨੂੰ ਵਧਾਉਣ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅਸੀਂ ਰਾਜ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੰਮ੍ਰਿਤਸਰ ਹਵਾਈ ਅੱਡੇ ਨੂੰ ਉਸਦਾ ਬਣਦਾ ਹੱਕ ਦੇਵੇ।

ਉਹਨਾਂ ਅੱਗੇ ਕਿਹਾ ਕਿ 10 ਲੱਖ ਤੋਂ ਵੱਧ ਪੰਜਾਬੀ ਯੂਕੇ ਵਿੱਚ ਰਹਿੰਦੇ ਹਨ ਅਤੇ ਲੰਡਨ ਹੀਥਰੋ ਤੇ ਬਰਮਿੰਘਮ ਲਈ ਹਫਤੇ ਵਿੱਚ ਘੱਟੋ ਘੱਟ 3 ਉਡਾਣਾਂ ਹੋਣੀਆਂ ਚਾਹੀਦੀਆਂ ਹਨ। ਭਵਿੱਖ ਵਿਚ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਲੰਡਨ ਦੇ ਹੀਥਰੋ ਹਵਾਈ ਅੱਡੇ ਰਾਹੀਂ ਪੰਜਾਬ ਦੇ ਯਾਤਰੀਆਂ ਨੂੰ ਟੋਰਾਂਟੋ, ਵੈਨਕੂਵਰ, ਕੈਲਗਰੀ, ਨਿਉਯਾਰਕ ਸਾਨ ਫ੍ਰਾਂਸਿਸਕੋ, ਸ਼ਿਕਾਗੋ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਸੰਪਰਕ ਮਿਲ ਸਕੇਗਾ।

ਅੰਮ੍ਰਿਤਸਰ ਵਿਕਾਸ ਮੰਚ ਨੇ ਜਨਵਰੀ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਲੀ ਬਰਮਿੰਘਮ ਸਿੱਧੀ ਉਡਾਣ ਨੂੰ ਅੰਮ੍ਰਿਤਸਰ ਤੋਂ ਸਿੱਧਾ ਸ਼ੁਰੂ ਕਰਨ ਸੰਬੰਧੀ ਜਨਹਿੱਤ ਪਟੀਸ਼ਨ ਦਾਇਰ ਕਰਨ ਤੋਂ ਬਾਦ ਹਾਈ ਕੋਰਟ ਵਲੋਂ ਏਅਰ ਇੰਡੀਆ ਨੂੰ ਇਹ ਪੁੱਛਿਆ ਗਿਆ ਸੀ ਕਿ ਦਿੱਲੀ – ਬਰਮਿੰਘਮ ਉਡਾਣ ਸਿੱਧਾ ਅੰਮ੍ਰਿਤਸਰ ਤੋਂ ਕਿੳਂ ਨਹੀਂ ਜਾ ਸਕਦੀ, ਕਿਉਂਕਿ ਦਿੱਲੀ ਤੋਂ ਉਡਾਣ ਵਿਚ ਬਹੁਗਿਣਤੀ ਪੰਜਾਬ ਤੋ ਹੁੰਦੀ ਹੈ।

ਚਰਨ ਕੰਵਲ ਸਿੰਘ ਸੇਖੋਂ

ਸੇਵਾ ਟਰੱਸਟ ਯੂਕੇ ਦੇ ਚੇਅਰਮੈਨ, ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਬਰਮਿੰਘਮ ਦੇ ਨਾਲ ਲਗਦੇ  ਸ਼ਹਿਰਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੂੰ ਹੁਣ ਕੋਰੋਨਾ ਦੇ ਦੋਰਾਨ ਸਫਰ ਕਰਨ ਵਿੱਚ ਸਹੂਲਤ ਹੋਵੇਗੀ। ਉਹਨਾਂ ਨੂੰ ਹੁਣ ਉਡਾਣ ਲਈ ਦਿੱਲੀ ਰਾਹੀਂ ਯਾਤਰਾ ਨਹੀਂ ਕਰਨੀ ਪਵੇਗੀ। ਸੇਵਾ ਟਰੱਸਟ ਅਤੇ ਅੰਮ੍ਰਿਤਸਰ ਵਿਕਾਸ ਮੰਚ 2018 ਤੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀਆਂ ਉਡਾਣਾਂ ਦੀ ਸਾਂਝੀ ਮੁਹਿੰਮ ਨੂੰ ਚਲਾ ਰਹੇ ਹਨ।

 1,020 total views

Share post on:

Leave a Reply

This site uses Akismet to reduce spam. Learn how your comment data is processed.