By Sameep Singh Gumtala, Published on July 18th, 2025 in News
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਇੱਕ ਮਹੱਤਵਪੂਰਨ ਕਦਮ ਹੈ।
ਇਸ ਮਾਮਲੇ ਨੂੰ ਲੰਮੇ ਸਮੇਂ ਤੋਂ ਉੱਠਾਉਂਦੇ ਆ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਏਅਰਪੋਰਟ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਮੀਡੀਆ, ਚਿੱਠੀਆਂ ਅਤੇ ਨਿੱਜੀ ਤੌਰ ‘ਤੇ ਮੁਲਾਕਾਤ ਰਾਹੀਂ ਰੱਖਿਆ ਸੀ। ਪਿਛਲੇ ਕਈ ਸਾਲਾਂ ਤੋਂ ਵਾਈ-ਫਾਈ ਦੀ ਸਹੂਲਤ ਨਾ ਹੋਣ ਕਾਰਨ, ਵੱਡੀ ਗਿਣਤੀ ਵਿੱਚ ਯਾਤਰੀ ਇਹ ਸ਼ਿਕਾਇਤ ਕਰਦੇ ਸਨ ਕਿ ਆਧੁਨਿਕ ਯੁੱਗ ਵਿੱਚ ਇਹ ਬੁਨਿਆਦੀ ਸਹੂਲਤ ਉਨ੍ਹਾਂ ਨੂੰ ਉਪਲਬਧ ਨਹੀਂ ਸੀ।
ਅਮਰੀਕਾ ਸਥਿਤ ਹਵਾਬਾਜ਼ੀ ਵਿਸ਼ਲੇਸ਼ਕ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ, “ਹਵਾਈ ਅੱਡੇ ’ਤੇ ਮੁਫਤ ਵਾਈ-ਫਾਈ ਦੀ ਸਹੂਲਤ ਨੂੰ ਮੁੜ ਚਾਲੂ ਕਰਨਾ ਬਹੁਤ ਜ਼ਰੂਰੀ ਕਦਮ ਸੀ। ਅਸੀਂ ਇਹ ਮਸਲਾ ਵਾਰ-ਵਾਰ ਉੱਠਾਇਆ ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਜਰੂਰੀ ਹੁੰਦਾ ਹੈ ਕਿ ਉਹ ਇੱਥੇ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ, ਉਡਾਣ, ਟ੍ਰਾਂਸਪੋਰਟ ਜਾਂ ਹੋਟਲ ਬੁਕਿੰਗ ਵਰਗੀਆਂ ਸੂਚਨਾਵਾਂ ਤੁਰੰਤ ਪ੍ਰਾਪਤ ਕਰ ਸਕਣ। ਇਹ ਸੁਵਿਧਾ ਯਾਤਰੀਆਂ ਦੇ ਤਜਰਬੇ ਨੂੰ ਬਿਹਤਰ ਬਣਾਏਗੀ।”
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਅੱਗੇ ਕਿਹਾ ਕਿ, “ਅਸੀਂ ਇਹ ਦੇਖ ਕੇ ਖੁਸ਼ ਹਾਂ ਕਿ ਅਥਾਰਟੀ ਨੇ ਬੀਤੇ ਕਈ ਸਾਲਾਂ ਤੋਂ ਜਨਤਾ ਦੀ ਕੀਤੀ ਜਾ ਰਹੀ ਇਸ ਮੰਗ ਉੱਤੇ ਆਖਰਕਾਰ ਕਾਰਵਾਈ ਕੀਤੀ ਹੈ। ਅਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ (ਆਈਏਐਸ) ਦੇ ਯੋਗਦਾਨ ਦੀ ਵੀ ਸ਼ਲਾਘਾ ਕਰਦੇ ਹਾਂ, ਜੋ ਕਿ ਹਵਾਈ ਅੱਡੇ ਨਾਲ ਸੰਬੰਧਤ ਮਸਲਿਆਂ ਲਈ ਮੀਟਿੰਗਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ।”

ਡਿਪਟੀ ਕਮਿਸ਼ਨਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ 10 ਜੁਲਾਈ 2025 ਤੋਂ ਹਰ ਰੋਜ਼ ਅੰਮ੍ਰਿਤਸਰ ਏਅਰਪੋਰਟ ਤੇ ਯਾਤਰੀਆਂ ਲਈ 45 ਮਿੰਟ ਤੱਕ ਮੁਫ਼ਤ ਵਾਈ-ਫਾਈ ਸੇਵਾ ਉਪਲਬਧ ਰਹੇਗੀ।

ਇਸ ਮਹੱਤਵਪੂਰਨ ਸਹੂਲਤ ਨੂੰ ਮੁੜ ਸ਼ੁਰੂ ਕਰਨ ਦਾ ਸਵਾਗਤ ਕਰਦੇ ਹੋਏ, ਗੁਮਟਾਲਾ ਅਤੇ ਕਾਮਰਾ ਨੇ ਏਅਰਪੋਰਟ ਅਥਾਰਟੀ ਨੂੰ ਯਾਤਰੀਆਂ ਦੇ ਤਜਰਬੇ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਹੋਰ ਮੁੱਦਿਆਂ ਵੱਲ ਤੁਰੰਤ ਧਿਆਨ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਵਿੱਚ ਪਾਰਕਿੰਗ ਖੇਤਰ ਵਿੱਚ ਕੀਮਤ ਨਾਲੋਂ ਵੱਧ ਕਰਾਇਆ ਵਸੂਲੀ ਕਰਨਾ, ਫਾਸਟ ਟੈਗ ਸਹੂਲਤ ਦਾ ਪੂਰੀ ਤਰ੍ਹਾਂ ਲਾਗੂ ਨਾ ਹੋਣਾ, ਪਿਕਅੱਪ ਅਤੇ ਡ੍ਰੌਪ-ਆਫ ਖੇਤਰ ਵਿੱਚ ਚੰਗੇ ਪ੍ਰਬੰਧ ਨਾ ਹੋਣਾ ਸ਼ਾਮਲ ਹਨ।
ਇਹਨਾਂ ਦੋਵੇਂ ਸੰਗਠਨਾਂ ਨੇ ਅਥਾਰਟੀ ਅਤੇ ਹੋਰਨਾਂ ਵਿਭਾਗਾਂ ਦੇ ਸਟਾਫ ਦੇ ਵਿਵਹਾਰ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ, ਖਾਸ ਤੌਰ ‘ਤੇ ਯਾਤਰੀਆਂ ਲਈ ਸਹਾਇਕਾਂ ਨਾਲ ਸਬੰਧਤ ਘਟਨਾਵਾਂ, ਜੋ ਕਿ ਬਿਨਾਂ ਬੇਨਤੀ ਕੀਤੇ ਯਾਤਰੀਆਂ ਕੋਲ ਸਹਾਇਤਾ ਦੇਣ ਲਈ ਜਾਂਦੇ ਹਨ ਅਤੇ ਫਿਰ ਪੈਸੇ ਦੀ ਮੰਗ ਕਰਦੇ ਹਨ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਤਾਂ ਜੋ ਹਵਾਈ ਅੱਡੇ ਦੇ ਰੋਜ਼ਾਨਾਂ 10,000 ਤੋਂ ਵੱਧ ਯਾਤਰੀਆਂ ਲਈ ਜਨਤਕ ਆਵਾਜਾਈ ਆਸਾਨ ਅਤੇ ਸਸਤੀ ਹੋ ਸਕੇ।
Leave a Reply