Site icon FlyAmritsar Initiative

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵੱਡਾ ਝਟਕਾ: ਕਤਰ ਏਅਰਵੇਜ਼ ਦੀਆਂ ਦੋਹਾ – ਅੰਮ੍ਰਿਤਸਰ ਉਡਾਣਾਂ ਰੱਦ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਦੋਹਾ ਤੋਂ ਅੰਮ੍ਰਿਤਸਰ ਲਈ ਕਤਰ ਏਅਰਵੇਜ਼ ਦੀਆਂ ਉਡਾਣਾਂ ਰੱਦ ਹੋਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ ਏਅਰਵੇਜ਼ ਵੱਲੋਂ 18 ਦਸੰਬਰ ਤੋਂ 31 ਮਾਰਚ 2022 ਤੱਕ ਉਡਾਣਾਂ ਦੀ ਬੁਕਿੰਗ ਨੂੰ ਰੱਦ ਕਰਨਾ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਲਈ ਵੱਡਾ ਝਟਕਾ ਹੈ।

ਗੁਮਟਾਲਾ ਨੇ ਕਿਹਾ ਕਿ ਭਾਰਤ ਵੱਲੋਂ ਅੰਤਰਰਾਸ਼ਟਰੀ ਉਡਾਣਾਂ 31 ਜਨਵਰੀ 2022 ਤੱਕ ਮੁਅੱਤਲ ਕੀਤੀਆ ਗਈਆਂ ਹਨ ਅਤੇ ਅੰਤਰਰਾਸ਼ਟਰੀ ਉਡਾਣਾਂ ਭਾਰਤ ਵੱਲੋਂ 33 ਤੋਂ ਵੀ ਵੱਧ ਮੁਲਕਾਂ ਨਾਲ ਕੀਤੇ ਗਏ ਅਸਥਾਈ ਹਵਾਈ ਸਮਝੋਤਿਆਂ (ਏਅਰ ਬੱਬਲ) ਨਾਲ ਸੰਚਾਲਨ ਹੋ ਰਹੀਆਂ ਹਨ। ਇਹਨਾਂ ਸਮਝੋਤਿਆਂ ਤਹਿਤ ਕਤਰ ਅਕਤੂਬਰ ਦੇ ਅੰਤ ਤੱਕ ਹਫ਼ਤੇ ਵਿੱਚ ਤਿੰਨ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ ਅਤੇ ਨਵੰਬਰ ਲਈ ਇਹਨਾਂ ਦੀ ਗਿਣਤੀ ਸਿਰਫ ਦੋ ਉਡਾਣਾਂ ਕਰ ਦਿੱਤੀ ਗਈ। ਹੁਣ ਅਚਾਨਕ ਹਜ਼ਾਰਾਂ ਯਾਤਰੀਆਂ ਨੂੰ 18 ਦਸੰਬਰ ਤੋਂ ਬਾਅਦ ਦੀਆਂ ਉਡਾਣਾਂ ਰੱਦ ਕੀਤੇ ਜਾਣ ਦੇ ਨੋਟਿਸ ਮਿਲੇ ਹਨ। ਉਨ੍ਹਾਂ ਨੂੰ ਏਅਰਲਾਈਨ ਵੱਲੋਂ ਦਿੱਲੀ ਰਾਹੀਂ ਉਡਾਣ ਭਰਨ ਜਾਂ ਆਪਣੀਆਂ ਟਿਕਟਾਂ ਦੇ ਪੈਸੇ ਵਾਪਸ ਲੈਣ ਦਾ ਵਿਕਲਪ ਦਿੱਤਾ ਗਿਆ ਹੈ। ਉਹਨਾਂ ਵਲੋਂ ਯਾਤਰੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਏਅਰ-ਬਬਲ ਦੀਆਂ ਕੁੱਝ ਸੀਮਾਵਾਂ ਕਾਰਨ ਏਅਰਲਾਈਨ ਅੰਮ੍ਰਿਤਸਰ ਤੋਂ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਰਹੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੋਵਿਡ ਕਾਰਨ ਭਾਰਤ ਵੱਲੋਂ ਸ਼ੁਰੂ ਕੀਤੇ ਕਦੇ ਗਏ ਇਹ ਅਸਥਾਈ ਹਵਾਈ ਸਮਝੌਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸ ਖੇਤਰ ਦੇ ਯਾਤਰੀਆਂ ਲਈ ਵੀ ਬਹੁਤ ਅਸੁਵਿਧਾ ਪੈਦਾ ਕਰ ਰਹੇ ਹਨ। ਇਹਨਾਂ ਵਿੱਚ ਵਿਦੇਸ਼ੀ ਏਅਰਲਾਈਨਾਂ ਨੂੰ ਉਹਨਾਂ ਦੇ ਮੁਲਕ ਦੇ ਹਵਾਈ ਅੱਡੇ ਰਾਹੀਂ ਯਾਤਰੀਆਂ ਨੂੰ ਹੋਰਨਾਂ ਮੁਲਕਾਂ ਨੂੰ ਲੈ ਕੇ ਜਾਣ ’ਤੇ ਵੀ ਪਾਬੰਦੀਆਂ ਹਨ।

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਤਰ ਏਅਰਵੇਜ਼ ਦਾ ਜਹਾਜ਼

ਗੁਮਟਾਲਾ ਨੇ ਦੱਸਿਆ, “ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਪਿਛਲੇ 12 ਸਾਲਾਂ ਤੋੰ ਦੋਹਾ ਰਾਹੀਂ ਦੁਨੀਆਂ ਭਰ ਦੇ 100 ਤੋਂ ਵੀ ਵੱਧ ਸ਼ਹਿਰਾਂ ਨਾਲ ਜੋੜ ਰਹੀ ਹੈ ਜਿਸ ਵਿੱਚ ਯੂਰਪ, ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਸ਼ਾਮਲ ਹਨ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਦਿੱਲੀ ਦੀ ਬਜਾਏ ਦੋਹਾ ਰਾਹੀਂ ਅੰਮ੍ਰਿਤਸਰ ਲਈ ਉਡਾਣਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਦਿੱਲੀ ਵਿਖੇ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜ਼ਾਰ ਕਰਨਾ ਅਤੇ ਸਮਾਨ ਦਾ ਮੁੜ ਜਮਾਂ ਕਰਵਾਉਣਾ ਹੈ।

ਜੇਕਰ ਭਾਰਤੀ ਦੀਆਂ ਹਵਾਈ ਕੰਪਨੀਆਂ ਅੰਮ੍ਰਿਤਸਰ ਤੋਂ ਮਸਕਟ, ਬਹਿਰੇਨ, ਇਟਲੀ, ਦੋਹਾ ਆਦਿ ਲਈ ਸਿੱਧੀਆਂ ਉਡਾਣਾਂ ਚਲਾਉਣ ਤੋਂ ਅਸਮਰਥ ਹਨ, ਤਾਂ ਵਿਦੇਸ਼ੀ ਹਵਾਈ ਕੰਪਨੀਆਂ ਲਈ ਉਡਾਣਾਂ ਨੂੰ ਸੀਮਤ ਕਰਨ ਜਾਂ ਇਜਾਜ਼ਤ ਨਾ ਦੇਣ ਦੀ ਬਜਾਏ, ਸਰਕਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਯਾਤਰੀ ਦਿੱਲੀ ਤੋਂ ਸਫਰ ਕਰਨ ਦੀ ਅਸੁਵਿਧਾ ਤੋਂ ਬੱਚ ਸਕਣ। ਇਹ ਦਿੱਲੀ ਹਵਾਈ ਅੱਡੇ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਅਤੇ ਕੋਵਿਡ-19 ਦੇ ਫੈਲਣ ਨੂੰ ਵੀ ਘੱਟ ਕਰੇਗਾ। ਇਸ ਤੋਂ ਇਲਾਵਾ, ਇਹ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧੀਨ ਚੱਲ ਰਹੇ ਹਵਾਈ ਅੱਡੇ ਲਈ ਵਧੇਰੇ ਆਮਦਨ ਪੈਦਾ ਕਰੇਗਾ।

ਵੀਡੀਓ ਦੇਖਣ ਲਈ ਇੱਥੇ ਜਾਂ ਹੇਠਾਂ ਦਿੱਤੀ ਤਸਵੀਰ ‘ਤੇ ਕਲਿੱਕ ਕਰੋ।

Share post on:
Exit mobile version