Site icon FlyAmritsar Initiative

ਆਕਲੈਂਡ, ਨਿਉਜ਼ੀਲੈਂਡ ਤੋਂ ਅੰਮ੍ਰਿਤਸਰ, ਪੰਜਾਬ ਦਾ ਸਫਰ ਸਿਰਫ 20 ਘੰਟਿਆ ਵਿਚ

ਸਿੰਗਾਪੁਰ ਏਅਰ ਅਤੇ ਸਕੂਟਤੇ ਸਿੰਗਾਪੁਰ ਰਾਹੀਂ ਹਵਾਈ ਸਫਰ ਹੋਵੇਗਾ ਸੁਖਾਲਾ: ਗੁਮਟਾਲਾ

ਆਸਟਰੇਲੀਆ ਅਤੇ ਅੰਮ੍ਰਿਤਸਰ, ਪੰਜਾਬ ਵਿਚਾਲੇ ਹਵਾਈ ਯਾਤਰਾ ਵਧੇਰੇ ਸੁਵਿਧਾਜਨਕ ਹੋਣ ਤੋਂ ਬਾਦ ਹੁਣ 28 ਅਕਤੂਬਰ ਤੋਂ ਨਿਉਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਉਪਰਾਲੇ) ਦੇ ਗਲੋਬਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਸਮੀਪ ਸਿੰਘ ਗੁਮਟਾਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਕਿ ਵਿਸ਼ਵ ਦੀ ਸਰਵ ਉੱਤਮ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਇਸ ਸਰਦ ਰੁੱਤ ਵਿੱਚ ਆਪਣੀ ਨਵੀਂ ਸ਼ੁਰੂ ਹੋਣ ਵਾਲੀ ਆਕਲੈਂਡ-ਸਿੰਘਾਪੁਰ ਉਡਾਣ ਨੂੰ ਆਪਣੀ ਭਾਈਵਾਲ ਘੱਟ ਕਿਰਾਏ ਵਾਲੀ ਸਕੂਟ ਦੀ ਸਿੰਘਾਪੁਰ-ਅੰਮ੍ਰਿਤਸਰ ਉਡਾਣ ਰਾਹੀਂ ਜੋੜਣ ਜਾ ਰਹੀ ਹੈ।

ਘੱਟੋ-ਘੱਟ ਸਮੇਂ ਵਿਚ ਆਕਲੈਂਡ ਤੋਂ ਅੰਮ੍ਰਿਤਸਰ

ਗੁਮਟਾਲਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸ਼ਤਾਬਦੀ ਤੇ ਅੰਮ੍ਰਿਤਸਰ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਦੀ ਯਾਤਰਾ ਲਈ ਆਕਲੈਂਡ ਤੋਂ ਆਓਣ ਵਾਲੇ ਹਜ਼ਾਰਾਂ ਪੰਜਾਬੀਆਂ ਨੂੰ ਇਸਦਾ ਲਾਭ ਹੋਵੇਗਾ। ਸਿੰਗਾਪੁਰ ਏਅਰ ਦੀ ਵੈਬਸਾਈਟ ਅਨੁਸਾਰ, ਅੰਮ੍ਰਿਤਸਰ ਤੋਂ ਆਕਲੈਂਡ ਦੀ ਦੂਰੀ ਸਿਰਫ 20 ਘੰਟੇ 20 ਮਿੰਟ ਵਿੱਚ ਪੂਰੀ ਹੋਵੇਗੀ। ਯਾਤਰੀਆਂ ਨੂੰ ਸਿੰਗਾਪੁਰ ਵਿਖੇ ਸਿਰਫ 4 ਘੰਟੇ 40 ਮਿੰਟ ਲਈ ਰੁਕਣਾ ਪਵੇਗਾ। ਆਕਲੈਂਡ ਤੋਂ ਅੰਮ੍ਰਿਤਸਰ ਦਾ ਸਫਰ ਦਿੱਲੀ ਆਓਣ ਦੀ ਬਜਾਏ ਵਿਸ਼ਵ ਦੇ ਸਭ ਨਾਲੋਂ ਵਧੀਆਂ ਹਵਾਈ ਅੱਡਿਆ ਵਿਚ ਸ਼ਾਮਲ ਸਿੰਗਾਪੁਰ ਦੇ ਛੈਂਗੀ ਹਵਾਈ ਅੱਡੇ ਰਾਹੀਂ 24 ਘੰਟੇ 55 ਮਿੰਟ ਵਿੱਚ ਪੂਰਾ ਹੋਵੇਗਾ। ਇਸ ਲਈ ਯਾਤਰੀਆਂ ਨੂੰ ਸਿੰਗਾਪੁਰ ਵਿਖੇ 8 ਘੰਟੇ 20 ਮਿੰਟ ਰੁਕਣਾ ਪਵੇਗਾ ਜਿਸ ਨਾਲ ਉਹਨਾਂ ਨੂੰ ਬਹੁਤ ਹੀ ਆਧੁਨਿਕ ਸੁਵਿਧਾਵਾ ਨਾਲ ਬਣੇ ਇਸ ਹਵਾਈ ਅੱਡੇ ਤੇ ਘੁੰਮਣ ਫਿਰਨ ਲਈ ਸਮਾਂ ਮਿਲੇਗਾ।

ਉੜਾਣਾਂ ਸਫਲ ਹੋਣ ਨਾਲ ਸ਼ੁਰੂ ਹੋ ਸਕਦੀਆਂ ਹਣ ਹੋਰ ਉਡਾਣਾਂ

ਇਹਨ੍ਹਾਂ ਉਡਾਣਾਂ ਲਈ ਬੁਕਿੰਗ ਸਿੰਗਾਪੁਰ ਏਅਰ ਦੀ ਵੈਬਸਾਈਤ ‘ਤੇ ਵੀ ਕੀਤੀ ਜਾ ਸਕਦੀ ਹੈ। ਹਵਾਈ ਕੰਪਨੀਆਂ ਲਈ ਸਰਦੀਆਂ ਦਾ ਮੋਸਮ 27 ਅਕਤੂਬਰ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਦੇ ਅੰਤ ਤੱਕ ਹੁੰਦਾ ਹੈ। ਸਿੰਗਾਪੁਰ ਏਅਰ ਦੀ ਉਡਾਣ ਦਾ ਆਕਲੈਂਡ ਨਾਲ ਇਹ ਹਵਾਈ ਸੰਪਰਕ ਮਾਰਚ ਦੇ ਅਖੀਰ ਤੱਕ ਉਪਲੱਬਧ ਹੈ। ਉਸ ਤੋਂ ਬਾਦ ਸਿੰਗਾਪੁਰ ਵਿਖੇ ਯਾਤਰੀਆਂ ਨੂੰ ਜਿਆਦਾ ਲੰਬੇ ਸਮੇਂ ਲਈ ਰੁਕਣਾ ਪਵੇਗਾ। ਗੁਮਟਾਲਾ ਨੇ ਕਿਹਾ ਕਿ ਜੇਕਰ ਪੰਜਾਬੀ ਇਹਨਾਂ ਉਡਾਣਾ ਤੇ ਵਧੇਰੇ ਸਫਰ ਕਰਣਗੇ ਤਾਂ ਅੰਕੜਿਆਂ ਨੂੰ ਦੇਖਦੇ ਹੋਏ ਹਵਾਈ ਕੰਪਨੀ ਨਾਲ ਆਕਲੈਡ ਲਈ ਇਸ ਹਵਾਈ ਸੰਪਰਕ ਨੂੰ 31 ਮਾਰਚ 2020 ਤੋਂ ਬਾਦ ਬੰਦ ਨਾ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਅੰਮ੍ਰਿਤਸਰ ਦੀ ਦੂਰੀ ਵੀ ਸਕੂਟ ਅਤੇ ਸਿੰਗਾਪੁਰ ਏਅਰ ਦੀਆਂ ਉਡਾਣਾਂ ਤੇ ਸਿਰਫ 16 ਘੰਟੇ 40 ਮਿੰਟ ਵਿਚ ਪੂਰੀ ਕੀਤੀ ਜਾ ਸਕਦੀ ਹੈ।

ਸਕੂਟ ਦੀਆਂ ਸਿੰਗਾਪੁਰ-ਅੰਮ੍ਰਿਤਸਰ ਉਡਾਣਾਂ ਵਿਚ ਵਾਧਾ 

ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ ਯੋਗੇਸ਼ ਕਾਮਰਾ ਨੇ ਕਿਹਾ ਕਿ ਸਕੂਟ 28 ਅਕਤੂਬਰ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਕਾਰ ਚਲ ਰਹੀ ਆਪਣੀ ਉਡਾਣ ਨੂੰ ਵੀ ਸਰਦੀਆਂ ਲਈ ਜਨਵਰੀ ਦੇ ਅੰਤ ਤੱਕ ਹਫਤੇ ਵਿਚ ਚਾਰ ਤੋਂ ਪੰਜ ਦਿਨ ਕਰਨ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆ ਸਿੰਗਾਪੁਰ ਅਤੇ ਮਲੇਸ਼ੀਆਂ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰਨਾਂ ਵਿਦੇਸ਼ੀ ਮੁਲਕਾਂ ਤੋਂ ਪਹਿਲਾਂ ਨਾਲੋ ਵੀ ਸੁਵਿਧਾਜਨਕ ਕੁਨੈਕਟੀਵੀਟੀ ਅਤੇ ਘੱਟੋ-ਘੱਟ ਸਮੇਂ ਵਿਚ ਅੰਮ੍ਰਿਤਸਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਹਵਾਈ ਕੰਪਨੀਆਂ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ, ਸਿਡਨੀ, ਐਡੀਲੇਡ, ਪਰਥ, ਗੋਲਡ ਕੋਸਟ, ਬ੍ਰਿਸਬੇਨ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਥਾਈਲੈਂਡ, ਇੰਡੋਨੇਸ਼ੀਆ, ਹਾਂਗਕਾਂਗ, ਫਿਲੀਪਾਈਨ ਨੂੰ ਜੋੜਦੀਆਂ ਹਨ।

550 ਸਾਲਾ ਸ਼ਤਾਬਦੀ ਤੇ ਬੱਸ ਸੇਵਾ ਸ਼ੁਰੂ ਕਰਨ ਦੀ ਅਪੀਲ

ਪੰਜਾਬੀਆਂ ਕੋਲ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਿਕਲਪ ਹਨ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਅੰਮ੍ਰਿਤਸਰ ਤੋਂ ਚਲ ਰਹੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਸਫਰ ਕਰਨ ਤਾਂ ਜੋ ਅਸੀਂ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਕੜਿਆ ਸਮੇਤ ਉਡਾਣਾਂ ਸ਼ੁਰੂ ਕਰਨ ਲਈ ਸੰਪਰਕ ਕਰ ਸਕੀਏ। ਅੰਮ੍ਰਿਤਸਰ ਹੁਣ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 9 ਸ਼ਹਿਰਾ ਨਾਲ ਸਿੱਧੀਆਂ ਉਡਾਣਾ ਰਾਹੀਂ ਜੁੜਿਆ ਹੈ। ਸਾਨੂੰ ਆਸ ਹੈ ਕਿ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਸਾਡੇ ਵਲੋਂ ਲੰਬੇ ਸਮੇਂ ਤੋਂ ਹਵਾਈ ਅੱਡੇ ਤੋਂ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ 550 ਸਾਲਾ ਸ਼ਤਾਬਦੀ ਲਈ ਜਲਦ ਹੀ ਪੂਰਾ ਕਰਨਗੇ।

ਹੋਰ ਜਾਣਕਾਰੀ ਲਈ ਦੇਖੋ ਵੀਡੀਓ

https://www.youtube.com/watch?v=oE823x5lZDg

 

Share post on:
Exit mobile version