Site icon FlyAmritsar Initiative

ਅੰਮ੍ਰਿਤਸਰ ਹਵਾਈ ਅੱਡੇ ਤੋਂ ਜਨਵਰੀ 2025 ‘ਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ

Sri Guru Ram Dass Jee International Airport Amritsar (Source: Twitter Amritsar Airport)

ਵੱਲੋਂ: ਸਮੀਪ ਸਿੰਘ ਗੁਮਟਾਲਾ

ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਏਅਰਪੋਰਟ ਨੇ ਜਨਵਰੀ 2025 ‘ਚ ਅੰਤਰਰਾਸ਼ਟਰੀ ਯਾਤਰੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਆਵਾਜਾਈ ਦਰਜ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

ਹਵਾਈ ਅੱਡੇ ਨੇ ਜਨਵਰੀ 2025 ‘ਚ ਹੁਣ ਤੱਕ ਦੀ ਸਭ ਤੋਂ ਵੱਧ 1.14 ਲੱਖ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 1.11 ਲੱਖ ਯਾਤਰੀਆਂ ਦੀ ਗਿਣਤੀ ਬੀਤੇ ਦਸੰਬਰ 2024 ਵਿੱਚ ਦਰਜ ਕੀਤੀ ਗਈ ਸੀ। ਜਵਨਰੀ 2025 ਵਿੱਚ ਯਾਤਰੀਆਂ ਦੀ ਗਿਣਤੀ 2024 ਵਿੱਚ ਦਰਜ ਕੀਤੀ 96.9 ਹਜ਼ਾਰ ਯਾਤਰੀਆਂ ਦੇ ਮੁਕਾਬਲੇ 17.1% ਵੱਧ ਹੈ।

ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਘਰੇਲੂ ਆਵਾਜਾਈ ਵਿੱਚ ਵੀ ਕੁੱਲ 2.10 ਲੱਖ ਯਾਤਰੀਆਂ ਨਾਲ 19.5% ਦਾ ਮਜ਼ਬੂਤ ਵਾਧਾ ਹੋਇਆ ਹੈ। ਜਨਵਰੀ 2024 ਵਿੱਚ ਇਹ ਗਿਣਤੀ 1.76 ਲੱਖ ਯਾਤਰੀ ਸੀ। ਜਨਵਰੀ ਦੇ ਮਹੀਨੇ ਕੁੱਲ ਯਾਤਰੀਆਂ ਦੀ ਗਿਣਤੀ ਤਕਰੀਬਨ 3.24 ਲੱਖ ਸੀ ਜੋ ਕਿ ਜਨਵਰੀ 2024 ਵਿਚ 2.73 ਲੱਖ ਯਾਤਰੀਆਂ ਦੇ ਮੁਕਾਬਲੇ 18.6% ਵੱਧ ਹੈ। ਜਨਵਰੀ 2025 ਹੁਣ ਕੁੱਲ ਯਾਤਰੀਆਂ ਦੀ ਗਿਣਤੀ ਵਿੱਚ ਤੀਜੇ ਨੰਬਰ ‘ਤੇ ਹੈ। ਸਭ ਤੋਂ ਵੱਧ 3.4 ਲੱਖ ਯਾਤਰੀ ਦਸੰਬਰ 2024 ਅਤੇ ਦੂਜੇ ਨੰਬਰ ‘ਤੇ 3.38 ਲੱਖ ਯਾਤਰੀ ਦਸੰਬਰ 2023 ਵਿੱਚ ਰਿਕਾਰਡ ਕੀਤੇ ਗਏ ਸਨ।

ਜਨਵਰੀ 2024 ਅਤੇ 2025 ‘ਚ ਦਰਜ ਯਾਤਰੀਆਂ ਦੀ ਗਿਣਤੀ

ਇਸ ਵਾਧੇ ਦਾ ਮੁੱਖ ਕਾਰਨ ਥਾਈ ਲਾਇਨ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਵਲੋਂ ਬੈਂਕਾਕ ਲਈ ਸਾਲ 2024 ਦੇ ਅੰਤ ਵਿੱਚ ਸ਼ੁਰੂ ਕੀਤੀਆਂ ਗਈਆਂ ਨਵੀਆਂ ਉਡਾਣਾਂ, ਏਅਰ ਇੰਡੀਆ ਦੀ ਬਰਮਿੰਘਮ, ਨਿਓਸ ਏਅਰ ਦੀ ਮਿਲਾਨ,  ਤੇ ਮਲੇਸ਼ੀਆ ਏਅਰਲਾਈਨ ਦੀ ਕੁਆਲਾਲੰਪੁਰ ਲਈ ਉਡਾਣਾਂ ਦੀ ਵਧਾਈ ਗਈ ਗਿਣਤੀ, ਅਤੇ ਵਧੇਰੇ ਪੰਜਾਬੀਆਂ ਵੱਲੋਂ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਤਰਜੀਹ ਦੇਣਾ ਹੈ।

ਅੰਕੜਿਆਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਦੀ ਕੁੱਲ ਗਿਣਤੀ ਜਨਵਰੀ 2024 ਵਿੱਚ 510 ਤੋਂ 20.2% ਵੱਧ ਕੇ ਜਨਵਰੀ 2025 ਵਿੱਚ 610 ਹੋ ਗਈ। ਘਰੇਲੂ ਉਡਾਣਾਂ ਦੀ ਆਵਾਜਾਈ ਵਿੱਚ ਵੀ 16.4% ਵਾਧਾ ਹੋਇਆ ਜਿਸ ਨਾਲ ਇਹਨਾਂ ਦੀ ਗਿਣਤੀ ਜਨਵਰੀ 2024 ਵਿੱਚ 1,188 ਤੋਂ ਵੱਧ ਕੇ 2025 ਵਿੱਚ 1,383 ‘ਤੇ ਪਹੁੰਚ ਗਈ।

ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਜਹਾਜ਼ ਦੇ ਅੰਕੜੇ

ਯਾਤਰੀਆਂ ਦੀ ਵੱਧ ਰਹੀ ਆਵਾਜਾਈ ਨੂੰ ਦੇਖਦਿਆਂ ਟਰਮੀਨਲ ਦੇ ਤੁਰੰਤ ਵਿਸਤਾਰ ਦੀ ਜ਼ਰੂਰਤ ਦੇ ਨਾਲ ਨਾਲ ਪਾਰਕਿੰਗ ਅਤੇ ਹੋਰ ਯਾਤਰੀ ਸੁਵਿਧਾਵਾਂ ਦੇ ਸੁਧਾਰ ਦੀ ਵੀ ਲੋੜ ਹੈ। ਨਾਲ ਹੀ, ਇਸ ਸਾਂਝਾ ਕਰਦੇ ਨਿਰਾਸ਼ਾ ਹੋ ਰਹੀ ਹੈ ਕਿ ਰੋਜ਼ਾਨਾਂ 10,000 ਤੋਂ ਵੱਧ ਯਾਤਰੀ ਆਵਾਜਾਈ ਅਤੇ ਅਣਗਿਣਤ ਅਪੀਲਾਂ ਦੇ ਬਾਵਜੂਦ, ਪੰਜਾਬ ਸਰਕਾਰ ਨੇ ਹਾਲੇ ਤੱਕ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ। ਬੱਸ ਸੇਵਾ ਸ਼ੁਰੂ ਹੋਣ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਤੱਕ ਪਹੁੰਚ ਆਸਾਨ ਅਤੇ ਸਸਤੀ ਹੋ ਸਕਦੀ ਹੈ। ਅੰਮ੍ਰਿਤਸਰ ਹਵਾਈ ਅੱਡੇ ਦਾ ਵਰਤਮਾਨ ਵਿੱਚ ਲੰਡਨ, ਬਰਮਿੰਘਮ, ਮਿਲਾਨ, ਰੋਮ, ਦੁਬਈ, ਸ਼ਾਰਜਾਹ, ਦੋਹਾ, ਸਿੰਗਾਪੁੁਰ, ਕੁਆਲਾਲੰਪੁਰ, ਬੈਂਕਾਕ ਸਮੇਤ 10 ਅੰਤਰਰਾਸ਼ਟਰੀ ਅਤੇ 12 ਘਰੇਲੂ ਹਵਾਈ ਅੱਡਿਆਂ ਨਾਲ ਸਿੱਧਾ ਹਵਾਈ ਸੰਪਰਕ ਹੈ।

ਲੇਖਕ ਬਾਰੇ:

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੰਪਰਕ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਸਮਰਪਿਤ ਇੱਕ ਗਲੋਬਲ ਐਡਵੋਕੇਸੀ ਗਰੁੱਪ ਹੈ। ਇਹ ਉਪਰਾਲਾ ਇੱਕ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਵਜੋਂ ਅੰਮ੍ਰਿਤਸਰ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਅੰਮ੍ਰਿਤਸਰ ਲਈ ਫਲਾਈਟ ਸੇਵਾਵਾਂ ਵਧਾਉਣ ਦੀ ਵਕਾਲਤ ਕਰ ਰਹੀ ਹੈ।

Share post on:
Exit mobile version