Site icon FlyAmritsar Initiative

ਹੁਣ ਅੰਮ੍ਰਿਤਸਰ ਤੋਂ 9 ਅੰਤਰਰਾਸ਼ਟਰੀ ਅਤੇ 11 ਘਰੇਲੂ ਹਵਾਈ ਅੱਡਿਆਂ ਲਈ ਸਿੱਧੀ ਉਡਾਣ ਭਰੋ

ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਚੰਗੀ ਖਬਰ ਆਈ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਇਹ ਏਅਰਪੋਰਟ ਆਉਣ ਵਾਲੀਆਂ ਸਰਦੀਆਂ ਲਈ 6 ਮੁਲਕਾਂ ਦੇ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 11 ਘਰੇਲੂ ਹਵਾਈ ਅੱਡਿਆਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜ ਗਿਆ ਹੈ। ਏਅਰਲਾਈਨ ਉਦਯੋਗ ਵਿੱਚ ਸਰਦੀਆਂ ਦਾ ਮੌਸਮ ਨਵੰਬਰ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਅਖੀਰ ਵਿੱਚ ਖਤਮ ਹੁੰਦਾ ਹੈ।

ਭਾਰਤੀ ਏਅਰਲਾਈਨ ਸਪਾਈਸਜੈੱਟ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਲਈ ਸਿੱਧੀਆਂ ਨਿਰਧਾਰਤ ਉਡਾਣਾਂ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। ਸਪਾਈਸਜੈੱਟ ਕੋਵਿਡ ਦੋਰਾਨ ਸਤੰਬਰ 2020 ਤੋਂ ਇਟਲੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ। ਇਹ ਉਡਾਣ ਤਬਿਲਿਸੀ, ਜਾਰਜੀਆ ਵਿਖੇ ਜਹਾਜ਼ ਵਿੱਚ ਤੇਲ ਭਰਾਉਣ ਵਾਸਤੇ 40 ਮਿੰਟ ਲਈ ਰੁਕਦੀ ਹੈ।

ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ

ਯੂਰਪ, ਯੂਕੇ, ਅਤੇ ਉੱਤਰੀ ਅਮਰੀਕਾ ਨਾਲ ਅੰਮ੍ਰਿਤਸਰ ਦੇ ਹਵਾਈ ਸੰਪਰਕ ਸੰਬੰਧੀ ਏਅਰ ਇੰਡੀਆ ਨੇ 16 ਨਵੰਬਰ ਤੋਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੋਜੂਦਾ ਗਿਣਤੀ ਨੂੰ ਹਫਤੇ ਵਿੱਚ 2 ਤੋਂ ਵਧਾ ਕੇ 3 ਕਰ ਦਿੱਤੀ ਹੈ। ਇਸੇ ਤਰਾਂ ਲੰਡਨ ਹੀਥਰੋ ਲਈ ਵੀ ਹਫਤੇ ਵਿੱਚ 3 ਸਿੱਧੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਕਤਰ ਏਅਰਵੇਜ਼ ਵੀ ਦੋਹਾ ਰਾਹੀਂ ਅਮਰੀਕਾ, ਕੈਨੇਡਾ, ਯੂਰਪ, ਅਤੇ ਹੋਰਨਾਂ ਮੁਲਕਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਰੋਜਾਨਾ ਸਿੱਧੀ ਉਡਾਣ ਨਾਲ ਸੁਵਿਧਾਜਨਕ ਸੰਪਰਕ ਦੇ ਵਿਕਲਪ ਉਪਲੱਬਧ ਕਰਾ ਰਹੀ ਹੈ।

ਵਿਦੇਸ਼ ਤੋਂ ਭਾਰਤ ਆ ਰਹੇ ਯਾਤਰੀ ਵੀ ਏਅਰ ਇੰਡੀਆ ਦੁਆਰਾ ਦਿੱਲੀ-ਅੰਮ੍ਰਿਤਸਰ ਦਰਮਿਆਨ ਉਡਾਣਾਂ ਦੀ ਵੱਧ ਰਹੀ ਗਿਣਤੀ ਦਾ ਲਾਭ ਉਠਾ ਸਕਦੇ ਹਨ। ਏਅਰ ਇੰਡੀਆ ਦੀਆਂ ਰੋਜ਼ਾਨਾ 3, ਇੰਡੀਗੋ 4 ਅਤੇ ਵਿਸਤਾਰਾ ਦੁਆਰਾ 2 ਉਡਾਣਾਂ ਹਨ। ਏਅਰ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਦੁਪਹਿਰ 2:15 ਵਜੇ ਦੀ ਨਵੀਂ ਉਡਾਣ ਦੇ ਨਾਲ, ਯਾਤਰੀ ਹੁਣ 17 ਘੰਟਿਆ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦਾ ਸਫਰ ਪੂਰਾ ਕਰ ਸਕਦੇ ਹਨ ਅਤੇ ਦਿੱਲੀ ਰਾਹੀਂ ਹੀ 19 ਘੰਟਿਆ ਵਿੱਚ ਟੋਰਾਂਟੋ ਵਾਪਸੀ ਦਾ ਸਫਰ ਪੂਰਾ ਕਰ ਸਕਦੇ ਹਨ।

ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਯੂਏਈ ਦੇ ਦੁਬਈ ਲਈ ਰੋਜ਼ਾਨਾ ਅਤੇ ਸ਼ਾਰਜਾਹ ਲਈ ਹਫਤੇ ਵਿੱਚ 3 ਉਡਾਣਾਂ ਹਨ। ਇਸ ਤੋਂ ਇਲਾਵਾ ਸਪਾਈਸਜੈੱਟ ਅਤੇ ਇੰਡੀਗੋ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਸਿੱਧੀਆ ਉਡਾਣਾਂ ਚਲਾ ਰਹੇ ਹਨ। ਇਸ ਨਾਲ ਅੰਮ੍ਰਿਤਸਰ ਤੋਂ ਯੂਏਈ ਲਈ ਹਫਤੇ ਵਿੱਚ ੳਡੁਾਣਾਂ ਦੀ ਗਿਣਤੀ 24 ਹੋ ਗਈ ਹੈ। ਸੈਰ ਸਪਾਟਾ ਦੇ ਨਾਲ ਨਾਲ, ਪੰਜਾਬ ਤੋਂ ਵੱਡੀ ਗਿਣਤੀ ਉੱਥੇ ਕੰਮ ਕਰਨ ਲਈ ਵੀ ਜਾਂਦੀ ਹੈ।

ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਸਕੂਟ ਹਫਤੇ ਵਿੱਚ 5 ਦਿਨ ਅਤੇ ਮਲੇਸ਼ੀਆ ਦੀ ਬਾਟਿਕ ਏਅਰ ਹਫਤੇ ਵਿੱਚ 4 ਦਿਨ ਅੰਮ੍ਰਿਤਸਰ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਨਾਲ ਜੋੜਦੇ ਹਨ। ਘਰੇਲੂ ਉਡਾਣਾਂ ਵਿੱਚ ਅੰਮ੍ਰਿਤਸਰ ਦਿੱਲੀ ਸਮੇਤ ਮੁੰਬਈ, ਸ੍ਰੀਨਗਰ, ਕੋਲਕਤਾ, ਬੈਂਗਲੁਰੂ, ਪੁਣੇ, ਗੋਆ, ਲਖਨਉ ਅਤੇ ਅਹਿਮਦਾਬਾਦ, ਚੇਨਈ ਅਤੇ ਹੈਦਰਾਬਾਦ ਨਾਲ ਜੁੜਿਆ ਹੈ।

ਫਲਾਈ ਅੰਮ੍ਰਿਤਸਰ ਮੁਹਿੰਮ ਨੇ ਮੁੜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ ਉਡਾਣਾਂ ਨੂੰ ਕਾਮਯਾਬ ਕਰਨ ਲਈ ਜਰੂਰੀ ਬੁਨਿਆਦੀ ਢਾਂਚਾ ਤਿਆਰ ਕਰਕੇ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਆਂਢੀ ਰਾਜਾਂ ਨਾਲ ਬੱਸ ਸੇਵਾ ਦੀ ਜਨਤਕ ਆਵਾਜਾਈ ਰਾਹੀਂ ਜੋੜੇ, ਕਾਰਗੋ ਲਈ ਕਿਸਾਨਾਂ ਅਤੇ ਉਦਯੋਗਾਂ ਨੂੰ ਲੋੜੀਂਦੀਆਂ ਸਹੁਲਤਾਂ ਦੇਵੇ।

ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਨੂੰ ਅੰਮ੍ਰਿਤਸਰ ਲਈ ਸਿੱਧੀਆਂ ਜਾਂ ਦਿੱਲੀ ਰਾਹੀਂ ਉਡਾਣਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ, ਮੌਜੂਦਾ ਉਡਾਣਾਂ ਨੂੰ ਕਾਮਯਾਬ ਕਰੇਗਾ ਅਤੇ ਇਹਨਾਂ ਅੰਕੜਿਆਂ ਨਾਲ ਮੁਹਿੰਮ ਨੂੰ ਹੋਰਨਾਂ ਏਅਰਲਾਈਨ ਅੱਗੇ ਉਡਾਣਾਂ ਸ਼ੁਰੂ ਕਰਨ ਲਈ ਮਜਬੂਤ ਕੇਸ ਪੇਸ਼ ਕਰਨ ਵਿੱਚ ਸਹੁਲਤ ਹੋਵੇਗੀ। ਅਸੀਂ ਦੁਨੀਆਂ ਦੀਆਂ ਕਈ ਏਅਰਲਾਈਨ ਅਤੇ ਹਵਾਈ ਅੱਡਿਆਂ ਨਾਲ ਗੱਲਰਾਤ ਕਰ ਰਹੇ ਹਾਂ ਤਾਂ ਜੋ ਅੰਮ੍ਰਿਤਸਰ ਦਾ ਦੁਨੀਆਂ ਭਰ ਦੀਆਂ ਪ੍ਰਮੁੱਖ ਮੰਜਿਲਾਂ ਨਾਲ ਸਿੱਧਾ ਹਵਾਈ ਸੰਪਰਕ ਸਥਾਪਤ ਕੀਤਾ ਜਾ ਸਕੇ।

ਲੇਖਕ ਬਾਰੇ:

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਹਨ ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਧੇਰੇ ਉਡਾਣਾਂ ਅਤੇ ਵਿਕਾਸ ਲਈ ਮੁਹਿੰਮ ਹੈ। ਉਹ ਅਮਰੀਕਾ ਦੇ ਵਸਨੀਕ ਹਨ।

ਵੀਡੀਓ ਦੇਖਣ ਲਈ, ਕਲਿੱਕ ਕਰੋ

Share post on:
Exit mobile version