Site icon FlyAmritsar Initiative

ਆਸਟ੍ਰੇਲੀਆ – ਪੰਜਾਬ ਵਿਚਾਲੇ ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ, ਏਅਰ ਏਸ਼ੀਆ ਐਕਸ ਦੀ ਕੁਆਲਾਲੰਪੂਰ-ਅੰਮ੍ਰਿਤਸਰ ਉਡਾਣ ਹੋਵੇਗੀ ਸ਼ੁਰੂ

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੀਆਂ ਕੋਸ਼ੀਸ਼ਾਂ ਨੂੰ ਬੂਰ ਪਿਆ

ਪੰਜਾਬ ਤੋਂ ਆਸਟ੍ਰੇਲੀਆ, ਕੁਆਲਾਲੰਪੂਰ, ਥਾਈਲੈਂਡ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਖੁਸ਼ ਕਰਨ ਵਾਲੀ ਖਬਰ ਹੈ। ਮਾਰਚ 2020 ਵਿੱਚ ਕੋਵਿਡ ਕਾਰਨ ਬੰਦ ਹੋਈਆਂ ਮਲੇਸ਼ੀਆਂ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਏਅਰ ਏਸ਼ੀਆ ਐਕਸ ਦੀਆਂ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾਂ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ। 

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ, ਕਨਵਨੀਰ ਇੰਡੀਆ ਯੋਗੇਸ਼ ਕਾਮਰਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅਗਸਤ 2018 ਵਿੱਚ ਫਲਾਈ ਅੰਮਿਤਸਰ ਇਨੀਸ਼ਿਏਟਿਵ, ਅੰਮ੍ਰਿਤਸਰ ਵਿਕਾਸ ਮੰਚ ਦੇ ਯਤਨਾਂ ਸਦਕਾ ਸ਼ੁਰੂ ਹੋਣ ਵਾਲੀ ਏਅਰ ਏਸ਼ੀਆ ਐਕਸ ਦੀ ਉਡਾਣ ਹੁਣ ਮੁੜ ਹਫਤੇ ਵਿੱਚ 4 ਦਿਨ ਮਲੇਸ਼ੀਆ ਦੇ ਕੁਆਲਾਲੰਪੂਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣਾਂ ਦਾ ਸੰਚਾਲਨ ਕਰੇਗੀ।

ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ ਅਤੇ ਗੋਲਡ ਕੋਸਟ ਇਹਨਾਂ ਨਵੀਆˆ ਹਵਾਈ ਉਡਾਣਾˆ ਦੇ ਸ਼ੁਰੂ ਹੋਣ ਸਦਕਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਮੁੜ ਜੋੜੇ ਜਾ ਰਹੇ ਹਨ ਜਿਸਦੇ ਚਲਦਿਆˆ ਉੱਥੇ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਦਿੱਲੀ ਰਾਹੀਂ ਜਾਣ ਦੇ ਮੁਕਾਬਲੇ ਬਹੁਤ ਹੀ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈˆਡ ਦੇ ਆਕਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆ ਵਾਲੇ ਮੁਲਕਾਂ ਲਈ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਜਿੱਥੇ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਸਿੱਖਿਆ, ਕੰਮ ਅਤੇ ਮਨੋਰੰਜਨ ਲਈ ਵੱਧ ਤੋˆ ਵੱਧ ਸਫ਼ਰ ਕਰਦੇ ਹਨ।

ਏਅਰਲਾਈਨ ਵਲੋਂ ਕੁਆਲਾਲੰਪੂਰ ਰਾਹੀਂ ਦੂਜੇ ਮੁਲਕਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਸੁਵਿਧਾਜਨਕ ਸੰਪਰਕ ਦੇਣ ਲਈ ਇਸ ਵਾਰ ਇਹਨਾਂ ਉਡਾਣਾਂ ਦਾ ਸੰਚਾਲਨ ਦੋ ਵੱਖ-ਵੱਖ ਸਮੇਂ ਤੇ ਕੀਤਾ ਜਾਵੇਗਾ। ਸੋਮਵਾਰ ਅਤੇ ਐਤਵਾਰ ਵਾਲੇ ਦਿਨ ਇਹ ਉਡਾਣ ਕੁਆਲਾਲੰਪੂਰ ਤੋਂ ਸਵੇਰੇ 7:35 ਵਜੇ ਉਡਾਣ ਭਰ ਕੇ 11:00 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ ਦੁਪਹਿਰ 12:30 ਵਜੇ ਇੱਥੋਂ ਰਵਾਨਾ ਹੋ ਕੇ ਸ਼ਾਮ ਨੂੰ 8:55 ਵਜੇ ਵਾਪਸ ਕੁਆਲਾਲੰਪੂਰ ਪਹੁੰਚ ਜਾਵੇਗੀ। ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਮਲੇਸ਼ੀਆ ਦੇ ਸਮੇਂ ਅਨੁਸਾਰ ਸ਼ਾਮ ਨੂੰ 8:25 ਤੇ ਰਵਾਨਾ ਹੋ ਕੇ ਰਾਤ 11:50 ਵਜੇ ਅੰਮ੍ਰਿਤਸਰ ਪੁੱਜੇਗੀ ਅਤੇ ਫਿਰ 1 ਘੰਟੇ 10 ਮਿੰਟ ਬਾਦ ਅਗਲੇ ਦਿਨ ਅੱਧੀ ਰਾਤ ਵੀਰਵਾਰ ਅਤੇ ਸ਼ਨੀਵਾਰ ਨੂੰ 1:00 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 9:25 ਵਜੇ ਮਲੇਸ਼ੀਆ ਪੁੱਜੇਗੀ।

ਏਅਰਲਾਈਨ ਵਲੋਂ ਇਸ ਲਈ ਆਪਣੇ 377 ਸੀਟਾਂ ਵਾਲੇ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ ਜਿਸ ਵਿੱਚ 12 ਬਿਜ਼ਨਜ਼ ਕਲਾਸ ਸੀਟਾਂ ਵੀ ਹੁੰਦੀਆਂ ਹਨ। ਕੁਆਲਾਲੰਪੂਰ ਤੋਂ ਸਿਰਫ 2 ਤੋਂ 4 ਘੰਟੇ ਦੇ ਵਕਫੇ ਤੋਂ ਬਾਦ ਯਾਤਰੀ ਮੈਲਬੌਰਨ, ਸਿਡਨੀ, ਪਰਥ, ਗੋਲਡ ਕੋਸਟ ਅਤੇ ਹੋਰਨਾਂ ਮੁਲਕਾਂ ਲਈ ਉਡਾਣ ਲੈ ਸਕਣਗੇ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਅਤੇ ਆਸਟ੍ਰੇਲੀਆ ਦੇ ਇਹਨਾਂ ਸ਼ਹਿਰਾਂ ਵਿਚਾਲੇ ਸਿਰਫ 16 ਤੋਂ 18 ਘੰਟੇ ਦਾ ਸਮਾਂ ਲੱਗੇਗਾ। ਯਾਤਰੀ ਬੈਂਕਾਕ, ਹਾਂਗਕਾਂਗ, ਬਾਲੀ ਤੇ ਹੋਰਨਾਂ ਟੁਰਿਸਟ ਸ਼ਹਿਰਾਂ ਵਾਸਤੇ ਵੀ ਬਹੁਤ ਹੀ ਥੋੜੇ ਸਮੇਂ ਵਿਚ ਕੁਆਲਾਲੰਪੁਰ ਰਾਹੀਂ ਏਅਰ-ਏਸ਼ੀਆ ਦੀਆਂ ਉਡਾਣਾਂ ਲੈ ਸਕਣਗੇ। ਇਹਨਾਂ ਉਡਾਣਾਂ ਦੀ ਬੁਕਿੰਗ ਏਅਰ ਏਸ਼ੀਆ ਦੀ ਵੈਬਸਾਈਟ ਤੇ ਵੀ ਉਪਲੱਬਧ ਹੈ।

ਅਗਸਤ 2018: ਅੰਮ੍ਰਿਤਸਰ ਵਿਕਾਸ ਮੰਚ, ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਮੈਂਬਰ ਏਅਰ ਏਸ਼ੀਆ ਐਕਸ ਦੇ ਸੀਈਓ ਅਤੇ ਹੋਰ ਅਧਿਕਾਰੀਆਂ ਨਾਲ

ਮਲੇਸ਼ੀਆ ਦੀ ਇਕ ਹੋਰ ਏਅਰਲਾਈਨ ਬੈਟਿਕ ਏਅਰ ਵਲੋਂ ਵੀ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਲਈ ਹਫਤੇ ਵਿੱਚ 4 ਦਿਨ ਅਤੇ ਸਿੰਗਾਪੁਰ ਦੀ ਸਕੂਟ ਵਲੋਂ ਹਫਤੇ ਵਿੱਚ 5 ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਹਨਾਂ ਉਡਾਣਾਂ ਰਾਹੀਂ ਵੀ ਯਾਤਰੀ ਆਸਟਰੇਲੀਆ ਅਤੇ ਹੋਰਨਾਂ ਮੁਲਕਾਂ ਨੂੰ ਜਾ ਸਕਦੇ ਹਨ। ਏਅਰ ਏਸ਼ੀਆ ਦੀ ਮੁੜ ਵਾਪਸੀ ਨਾਲ ਪੰਜਾਬੀਆਂ ਨੂੰ ਹੋਰ ਵਧੇਰੇ ਵਿਕਲਪ ਮਿਲਣਗੇ ਅਤੇ ਜਿਆਦਾ ਉਡਾਣਾਂ ਹੋਣ ਨਾਲ ਕਿਰਾਇਆ ਵੀ ਘਟੇਗਾ। 

ਇਨੀਸ਼ਿਏਟਿਵ ਆਗੂਆਂ ਨੇ ਦੱਸਿਆ ਕਿ ਕੋਵਿਡ ਤੋਂ ਬਾਦ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਦੇ ਪੰਜਾਬੀ ਭਾਈਚਾਰੇ ਵਲੋਂ ਏਅਰ ਏਸ਼ੀਆ ਦੀ ਅੰਮ੍ਰਿਤਸਰ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਸਾਨੂੰ ਲਗਾਤਾਰ ਸੁਨੇਹੇ ਆ ਰਹੇ ਸਨ। ਇਨੀਸ਼ਿਏਟਿਵ ਵਲੋਂ ਇਸ ਉਡਾਣ ਸੇਵਾ ਨੂੰ ਮੁੜ ਸ਼ੁਰੂ ਕਰਵਾਉਣ ਲਈ ਏਅਰ ਏਸ਼ੀਆ ਐਕਸ ਦੇ ਸੀਈਓ ਬੈਨ ਇਸਮਾਇਲ ਅਤੇ ਭਾਰਤ ਵਿੱਚ ਜਨਰਲ ਮੈਨੇਜਰ ਸੁਰੇਸ਼ ਨਾਇਰ ਨਾਲ ਨਿਰੰਤਰ ਅੰਕੜੇ ਅਤੇ ਹੋਰ ਜਾਣਕਾਰੀ ਸਮੇਤ ਸੰਪਰਕ ਕੀਤਾ ਜਾ ਰਿਹਾ ਸੀ।

ਕੋਵਿਡ ਤੋਂ ਪਹਿਲਾਂ ਚੱਲ ਰਹੀਆਂ ਇਹਨਾਂ ਉਡਾਣਾਂ ਨੂੰ ਮਿਲੇ ਚੰਗੇ ਹੁਲਾਰੇ ਨੂੰ ਦੇਖਦੇ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸਟਰੇਲੀਆਂ ਤੋਂ ਪੰਜਾਬੀ ਭਾਈਚਾਰਾ ਯਾਤਰਾ ਕਰ ਰਿਹਾ ਸੀ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਯਾਤਰਾ ਵਿੱਚ ਆਸਾਨੀ ਹੋਵੇਗੀ, ਅੰਮ੍ਰਿਤਸਰ ਦੇ ਸੈਰ ਸਪਾਟਾ ਉਦਯੋਗ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ।

ਗੁਮਟਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਵਲੋਂ 2017 ਤੋਂ ਏਅਰਪੋਰਟ ਦੇ ਅੰਕੜਿਆਂ ਅਤੇ ਹੋਰ ਜਾਣਕਾਰੀ ਨਾਲ ਦੁਨੀਆਂ ਭਰ ਦੀਆਂ ਹਵਾਈ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਇਹ ਉਡਾਣ ਇਸ ਮੁਹਿੰਮ ਦਾ ਸਿੱਧਾ ਨਤੀਜਾ ਸੀ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਗਿਣਤੀ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਵਰਤੋˆ ਵਿੱਚ ਲਿਆਉਣ ਤਾˆ ਜੋ ਵੱਧ ਤੋˆ ਵੱਧ ਏਅਰਲਾਈਨਜ਼ ਇਸ ਖਿੱਤੇ ਨੂੰ ਦੁਨੀਆˆ ਦੇ ਵੱਖ-ਵੱਖ ਹਿੱਸਿਆˆ ਨਾਲ ਜੋੜ ਸਕਣ।

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਸਮੀਪ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ ਤੇ ਯੋਗੇਸ਼ ਕਾਮਰਾ

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਪਿਛਲੇ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸਾਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਪਰ ਹਰ ਹਫਤੇ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੀ ਰਵਾਨਗੀ ਅਤੇ ਆਮਦ ਹੋਣ ਦੇ ਬਾਵਜੂਦ ਪੰਜਾਬ ਦੀਆਂ ਪਿਛਲੀਆਂ ਅਤੇ ਮੌਜੂਦਾ ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਅੰਮ੍ਰਿਤਸਰ ਦੁਨੀਆ ਭਰ ਦੇ 10 ਸ਼ਹਿਰਾਂ ਨਾਲ ਜੁੜਿਆ ਹੈ ਜਿਸ ਵਿੱਚ ਲੰਡਨ, ਬਰਮਿੰਘਮ, ਰੋਮ, ਮਿਲਾਨ, ਦੋਹਾ, ਦੁਬਈ, ਸ਼ਾਰਜਾਹ, ਸਿੰਗਾਪੁਰ ਵੀ ਸ਼ਾਮਲ ਹਨ।

ਦੇਖੋ ਵੀਡੀਓ

Share post on:
Exit mobile version