ਅੰਮ੍ਰਿਤਸਰ ਸਲਾਨਾ 35 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਲ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ ਹੋਏ ਵਿੱਤੀ ਵਰੇ੍ਹ 2024-25 ਦੌਰਾਨ 3.5 ਮਿਲੀਅਨ (35-ਲੱਖ) ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮਾਰਚ 2025 ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿੱਤੀ ਸਾਲ 2024-25 (1 ਅਪ੍ਰੈਲ 2024 ਤੋਂ 31 ਮਾਰਚ 2025) ਦੌਰਾਨ 35,42,880 ਯਾਤਰੀਆਂ ਨੇ ਹਵਾਈ ਸਫਰ ਕੀਤਾ। ਇਸ ਵਿੱਚ 11,53,461 ਅੰਤਰਰਾਸ਼ਟਰੀ ਅਤੇ 23,89,419 ਘਰੇਲੂ ਯਾਤਰੀ ਸ਼ਾਮਲ ਹਨ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 14.8% ਪ੍ਰਤੀਸ਼ਤ ਵੱਧ ਹਨ, ਜੱਦ ਇੱਥੋਂ ਕੁੱਲ 30.86 ਲੱਖ ਯਾਤਰੀਆਂ ਨੇ ਉਡਾਣ ਭਰੀ ਸੀ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਇਸ ਸਾਲ 17.5% ਅਤੇ ਘਰੇਲੂ ਯਾਤਰੀਆਂ ਵਿੱਚ 13.6% ਦਾ ਵਾਧਾ ਹੋਇਆ ਹੈ।
ਮਾਰਚ 2025 ਵਿੱਚ ਕਿਸੇ ਵੀ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3.43 ਲੱਖ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਗਈ, ਜਿਸ ਨੇ ਦਸੰਬਰ 2024 ਵਿੱਚ ਦਰਜ ਕੀਤੀ ਗਈ 3.40 ਲੱਖ ਦੀ ਸਭ ਤੌਂ ਵੱਧ ਦੀ ਗਿਣਤੀ ਨੂੰ ਮਾਤ ਦੇ ਦਿੱਤੀ ਹੈ। ਇਸ ਵਿੱਚ 2,31,756 ਘਰੇਲੂ ਅਤੇ 1,11,628 ਅੰਤਰਰਾਸ਼ਟਰੀ ਯਾਤਰੀ ਸਨ ਅਤੇ ਇਹ ਗਿਣਤੀ ਮਾਰਚ 2024 ਦੇ ਮੁਕਾਬਲੇ 8.5% ਵੱਧ ਹੈ।
ਯਾਤਰੀਆਂ ਦੀ ਗਿਣਤੀ ‘ਚ ਵਾਧਾ, ਨਵੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੇ ਸ਼ੁਰੂ ਹੋਣ, ਪਹਿਲਾਂ ਤੋਂ ਹੀ ਸੰਚਾਲਨ ਕੀਤੀਆਂ ਜਾ ਰਹੀਆਂ ਉਡਾਣਾਂ ਦੀ ਗਿਣਤੀ ‘ਚ ਵਾਧੇ ਅਤੇ ਵਧੇਰੇ ਯਾਤਰੀਆਂ ਵੱਲੋਂ ਅੰਮ੍ਰਿਤਸਰ ਲਈ ਇਹਨਾਂ ਉਡਾਣਾਂ ਨੂੰ ਤਰਜੀਹ ਦੇਣ ਕਾਰਨ ਸੰਭਵ ਹੋਇਆ ਹੈ। ਅੰਮ੍ਰਿਤਸਰ ਤੋਂ ਹਰ ਰੋਜ਼ ਔਸਤਨ 65 ਉਡਾਣਾਂ ਦੀ ਆਮਦ ਤੇ ਰਵਾਨਗੀ ਹੁੰਦੀ ਹੈ, ਜਿਸ ਵਿੱਚ ਲਗਭਗ 21 ਤੋਂ 23 ਅੰਤਰਰਾਸ਼ਟਰੀ ਅਤੇ 41 ਤੋਂ 43 ਘਰੇਲੂ ਉਡਾਣਾਂ ਹਨ। ਵਰਤਮਾਨ ਵਿੱਚ ਅੰਮ੍ਰਿਤਸਰ ਦਾ ਹਵਾਈ ਸੰਪਰਕ ਦੁਬਈ, ਸ਼ਾਰਜਾਹ, ਦੋਹਾ, ਰੋਮ, ਮਿਲਾਨ, ਲੰਡਨ ਗੈਟਵਿਕ, ਬਰਮਿੰਘਮ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਸਣੇ10 ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੁੜਿਆ ਹੋਇਆ ਹੈ।
ਯਾਤਰੀਆਂ ਦੀ ਗਿਣਤੀ ‘ਚ ਵਾਧੇ ਦੇ ਬਾਵਜੂਦ, ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਸ਼ੁਰੂ ਕਰਨ ਦੀ ਲੰਮੇ ਸਮੇਂ ਤੋਂ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਬੱਸ ਸੇਵਾ ਸ਼ੁਰੂ ਕਰਨ ਦੀ ਬਜਾਏ ਪੰਜਾਬ ਦੀ ਸੂਬਾ ਸਰਕਾਰ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੰਪਰਕ ਨੂੰ ਵਧਾ ਅਤੇ ਉਤਸ਼ਾਹਤ ਕਰ ਰਹੀ ਹੈ।

