By , Published on August 30th, 2019 in News

ਵਿਦੇਸ਼ੀ ਹਵਾਈ ਅੱਡੇ ਤੋਂ ਸਭ ਨਾਲੋਂ ਵੱਧ ਸਵਾਰੀਆਂ ਭੇਜਣ ਵਿੱਚ ਬਣਾਇਆ ਰਿਕਾਰਡ
ਚੀਨ, ਥਾਈਲੈਂਡ, ਭਾਰਤ ਅਤੇ ਹੋਰਨਾਂ ਮੁਲਕਾਂ ਦੇ ਹਵਾਈ ਅੱਡਿਆਂ ਨੂੰ ਪਛਾੜਿਆ

29 ਅਗਸਤ 2019 : ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਵਿੱਚ ਮੁੜ ਬਾਜੀ ਮਾਰੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਲਬੌਰਨ, ਆਸਟਰੇਲੀਆ ਦੇ ਨਾਲ ਲਗਦੇ ਸ਼ਹਿਰ ਜੀਲੌਂਗ ਦੀ ਅਖ਼ਬਾਰ ‘ਜੀਲੌਂਗ ਐਡਵਰਟਾਇਜ਼ਰ’ ਵਿੱਚ ਕਿਹਾ ਗਿਆ ਹੈ ਕਿ ਮੈਲਬੌਰਨ ਐਵਾਲੋਨ ਏਅਰਪੋਰਟ ‘ਤੋਂ ਏਅਰ ਏਸ਼ੀਆ ਐਕਸ ਦੀ ਉਡਾਣ ਜੋ ਕਿ ਬਰਾਸਤਾ ਕੁਆਲਾਲੰਪੂਰ, ਅੰਮ੍ਰਿਤਸਰ ਦੀਆਂ ਸਵਾਰੀਆਂ ਲੈ ਕੇ ਅੱਗੇ ਜਾਂਦੀ ਹੈ, ਦੀ ਗਿਣਤੀ ਸਭ ਤੋਂ ਵੱਧ ਹੈ। ਥਾਈਲੈਂਡ ਦਾ ਫੁਕੇਟ ਦੂਜੇ, ਭਾਰਤ ਦਾ ਕੋਚੀ ਤੀਸਰੇ, ਮਲੋਸ਼ੀਆ ਤੋਂ ਪੈਨਾਂਗ ਚੋਥੇ ਤੇ ਬੈਂਕਾਕ ਪੰਜਵੇ ਨੰਬਰ ਤੇ ਹਨ।

ਏਅਰ ਏਸ਼ੀਆ ਐਕਸ ਹੀ ਕੇਵਲ ਇਕੋ ਇੱਕ ਅੰਤਰ ਰਾਸ਼ਟਰੀ ਏਅਰਲਾਇਨ ਹੈ ਜੋ ਦਸੰਬਰ 2018 ਤੋਂ ਮੈਲਬੌਰਨ ਦੇ ਐਵਲੋਨ ਏਅਰਪੋਰਟ ਤੋਂ ਰੋਜ਼ਾਨਾ ਦੋ ਉਡਾਣਾਂ ਕੁਆਲਾਲੰਪੂਰ ਨੂੰ ਚਲਾ ਰਹੀ ਹੈ। ਏਅਰ ਏਸ਼ੀਆ ਨੇ ਕੁਆਲਾਲੰਪੂਰ ਤੋਂ ਅੰਮ੍ਰਿਤਸਰ ਤੀਕ ਹਫ਼ਤੇ ਵਿੱਚ ਚਾਰ ਉਡਾਣਾਂ ਅਗਸਤ 2018 ਵਿੱਚ ਸ਼ੁਰੂ ਕੀਤੀਆਂ ਸਨ। ਇਹ ਏਅਰਲਾਇਨ 377 ਸੀਟਾਂ ਵਾਲੀ ਏਅਰਬਸ ਏ-330 ਜਹਾਜ਼ ਦੀ ਵਰਤੋਂ ਕਰਦੀ ਹੈ, ਜਿਸ ਵਿੱਚ 365 ਇਕਾਨਮੀ ਤੇ 12 ਬਿਜ਼ਨਸ ਕਲਾਸ ਦੀਆਂ ਸੀਟਾਂ ਹਨ।

ਸਮੀਪ ਸਿੰਘ ਗੁਮਟਾਲਾ, ਗਲੋਬਲ ਕਨਵੀਨਰ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

ਐਵਲੋਨ ਏਅਰਪੋਰਟ ਦੇ ਸੀ.ਈ.ਓ. ਜਸਟਿਨ ਗਿਡਿੰਗਜ਼ ਦਾ ਕਹਿਣਾ ਹੈ ਕਿ ਭਾਰਤ ਦੀ ਮਾਰਕੀਟ ਟੂਰਿਸਟਾਂ ਨੂੰ ਬਹੁਤ ਮੌਕਾ ਦੇ ਰਹੀ ਹੈ । ਉਨ੍ਹਾਂ ਇਸ ਗੱਲ ਦੀ ਹੈਰਾਨੀ ਪ੍ਰਗਟ ਕੀਤੀ ਕਿ ਚੀਨ ਦਾ ਏਅਰਪੋਰਟ ਪਹਿਲੇ ਪੰਜ ਸਥਾਣਾਂ ਵਿੱਚ ਵਿੱਚ ਨਹੀਂ ਹੈ। ਇਸ ਰਿਪੋਰਟ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ ਅੰਮ੍ਰਿਤਸਰ ਦੀ ਮਹੱਤਤਾ ਨੂੰ ਵਿਸਥਾਰ ਨਾਲ ਖ਼ਬਰ ਵਿਚ ਪ੍ਰਕਾਸ਼ਿਤ ਕੀਤਾ ਹੈ।

ਸਮੀਪ ਸਿੰਘ ਗੁਮਟਾਲਾ ਨੇ ਦਾਅਵਾ ਕੀਤਾ ਹੈ ਕਿ ਇਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਮੁਹਿੰਮ ਦਾ ਹੀ ਨਤੀਜਾ ਹੈ ਕਿ ਇਸ ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਉਡਾਣ ਸ਼ੁਰੂ ਕੀਤੀ ਹੈ। ਸਤੰਬਰ 2017 ਵਿੱਚ ਜਦ ਇਸ ਹਵਾਈ ਕੰਪਨੀ ਪਾਸ ਪਹੁੰਚ ਕੀਤੀ ਗਈ ਤਾਂ ਉਸ ਸਮੇਂ ਇਸ ਗੱਲ ਦੀ ਚਿੰਤਾ ਸੀ ਕਿ ਮਲਿੰਡੋ ਏਅਰਲਾਈਨ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਦੇ ਚਲਦਿਆਂ ਏਅਰ ਏਸ਼ੀਆ ਦਾ 377 ਸੀਟਾਂ ਵਾਲਾ ਜਹਾਜ਼ ਕਿਵੇਂ ਭਰੇਗਾ? ਉਨ੍ਹਾਂ ਵੱਲੋਂ ਏਅਰ ਲਾਇਨ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਨੂੰ ਪਸੰਦ ਕਰਨਗੇ।

ਏਅਰ ਏਸ਼ੀਆਂ ਐਕਸ ਦੀਆਂ ਮਲੇਸ਼ੀਆਂ ਤੋਂ 140 ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਦੀ ਸਕੂਟ ਤੇ ਮਲੇਸ਼ੀਆਂ ਦੀ ਮਲਿੰਡੋ ਅਸਟਰੇਲੀਆ, ਨਿਉਜ਼ੀਲੈਂਡ, ਮਲੇਸ਼ੀਆ ਆਦਿ ਦੇ ਦੇਸ਼ਾਂ ਨੂੰ ਉਡਾਣਾਂ ਭਰਦੀਆਂ ਹਨ। ਇਨ੍ਹਾਂ ਦੀਆਂ ਟਿਕਟਾਂ ਵੀ ਸਸਤੀਆਂ ਹਨ ਤੇ ਅਸਟਰੇਲੀਆ ਦੇ ਪ੍ਰਸਿੱਧ ਸ਼ਹਿਰਾਂ ਜਿਵੇਂ ਕਿ ਸਿਡਨੀ, ਪਰਥ, ਗੋਲਡ ਕੋਸਟ, ਬ੍ਰਿਸਬੇਨ, ਐਡੀਲੇਡ ਆਦਿ ਨੂੰ ਪੁੱਜਣ ਵਿੱਚ ਕੇਵਲ 14 ਤੋਂ 17 ਘੰਟੇ ਲੱਗਦੇ ਹਨ

ਯੋਗੇਸ਼ ਕਾਮਰਾ, ਕਨਵੀਨਰ (ਭਾਰਤ) ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

ਭਾਰਤ ਵਿੱਚ ਇਨੀਸ਼ੀਏਟਿਵ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਸ੍ਰੀ ਯੋਗੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਹਨ।

ਅਨੰਤਦੀਪ ਸਿੰਘ ਢਿੱਲੋਂ, ਕਨਵੀਨਰ (ਉੱਤਰੀ ਅਮਰੀਕਾ) ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਸ. ਅਨੰਤਦੀਪ ਸਿੰਘ ਢਿੱਲੋਂ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਇਟਲੀ ,ਲੰਡਨ ,ਇੰਗਲੈਂਡ, ਜਰਮਨ ਆਦਿ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਪਰ ਏਅਰ ਇੰਡੀਆ ਜਾਂ ਹੋਰਨਾਂ ਭਾਰਤੀ ਹਵਾਈ ਕੰਪਨੀਆਂ ਵੱਲੋਂ ਇਨ੍ਹਾਂ ਦੇਸ਼ਾਂ ਨੂੰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ?

ਉਹਨਾਂ ਨੇ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਅਪੀਲ ਕੀਤੀ ਹੈ ਕਿ ਓਮਾਨ, ਤੁਰਕੀ, ਬਹਿਰੀਨ, ਯੂ ਏ ਈ ਤੋਂ ਇਲਾਵਾ ਮੱਧ ਏਸ਼ੀਆ ਦੇ ਬਾਕੀ ਦੇਸ਼ਾਂ ਤੋਂ ਇਲਾਵਾ ਯੂਰਪ ਦੀਆਂ ਕਈ ਹਵਾਈ ਕੰਪਨੀਆਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਇਨ੍ਹਾਂ ਮੁਲਕਾਂ ਨਾਲ ਦੁਵੱਲੇ ਹਵਾਈ ਸਮਝੌਤੇ ਰੁਕਾਵਟ ਬਣੇ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਜੇ ਦੁਵੱਲੇ ਸਮਝੌਤੇ ਹੋ ਜਾਂਦੇ ਹਨ ਤਾਂ ਜਿਵੇਂ ਕਿ ਉਨ੍ਹਾਂ ਅੰਮ੍ਰਿਤਸਰ ਤੋਂ ਚੋਣ ਲੜਨ ਵੇਲੇ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਧੁਰਾ (ਹੱਬ) ਬਣਾ ਕੇ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ ਪੂਰਾ ਹੋ ਜਾਵੇਗਾ।

Share post on:

Leave a Reply

This site uses Akismet to reduce spam. Learn how your comment data is processed.